ਭਾਰਤ-ਅਮਰੀਕਾ ਵਪਾਰ ਸਮਝੌਤਾ ਨਵੰਬਰ ’ਚ ਹੋਣ ਦੀ ਆਸ: ਗੋਇਲ
ਭਾਰਤ ਦੇ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ’ਚ ਤਜਵੀਜ਼ਤ ਦੁਵੱਲੇ ਵਪਾਰਕ ਸਮਝੌਤੇ ਲਈ ਲਗਾਤਾਰ ਗੱਲਬਾਤ ਜਾਰੀ ਹੈ। ਉਨ੍ਹਾਂ ਕਿਹਾ ਕਿ ਨਵੰਬਰ ਵਿੱਚ ਗੱਲਬਾਤ ਦੇ ਮੁਕੰਮਲ ਹੋਣ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਦੋਵਾਂ...
Advertisement
ਭਾਰਤ ਦੇ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ’ਚ ਤਜਵੀਜ਼ਤ ਦੁਵੱਲੇ ਵਪਾਰਕ ਸਮਝੌਤੇ ਲਈ ਲਗਾਤਾਰ ਗੱਲਬਾਤ ਜਾਰੀ ਹੈ। ਉਨ੍ਹਾਂ ਕਿਹਾ ਕਿ ਨਵੰਬਰ ਵਿੱਚ ਗੱਲਬਾਤ ਦੇ ਮੁਕੰਮਲ ਹੋਣ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਦੋਵਾਂ ਮੁਲਕਾਂ ਦੇ ਨੁਮਾਇੰਦਿਆਂ ਵਿਚਾਲੇ ਆਹਮੋ-ਸਾਹਮਣੇ ਗੱਲਬਾਤ ਹੋਣ ਦੇ ਸਬੰਧ ’ਚ ਕਿਹਾ ਕਿ ਇਸ ਦੀ ਪੂਰੀ ਸੰਭਾਵਨਾ ਹੈ ਪਰ ਮੌਜੂਦਾ ਸਮੇਂ ’ਚ ਅਮਰੀਕਾ ’ਚ ਤਾਲਾਬੰਦੀ ਚੱਲ ਰਹੀ ਹੈ ਜਿਸ ਕਾਰਨ ਦੇਖਣਾ ਪਵੇਗਾ ਕਿ ਇਹ ਗੱਲਬਾਤ ਕਿਵੇਂ, ਕਿੱਥੇ ਅਤੇ ਕਦੋਂ ਹੁੰਦੀ ਹੈ।ਸ੍ਰੀ ਗੋਇਲ ਇੱਥੇ ਦੋਹਾ ’ਚ ਇੱਕ ਦਿਨਾਂ ਸਰਕਾਰੀ ਦੌਰੇ ’ਤੇ ਪੁੱਜੇ ਹਨ ਤੇ ਵਪਾਰਕ ਵਫ਼ਦ ਦੀ ਅਗਵਾਈ ਕਰਦਿਆਂ ਦੋਵਾਂ ਮੁਲਕਾਂ ਵਿਚਾਲੇ ਵਪਾਰ ਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕਰ ਰਹੇ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘ਅਸੀਂ ਵਪਾਰਕ ਸਮਝੌਤੇ ਲਈ ਅਮਰੀਕਾ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਜੋ ਵੱਖ-ਵੱਖ ਪੱਧਰ ’ਤੇ ਜਾਰੀ ਹੈ। ਅਸੀਂ ਜਲਦੀ ਹੀ ਇਸ ਬਾਰੇ ਜਾਣਕਾਰੀ ਦੇਵਾਂਗੇ ਕਿ ਅਸੀਂ ਕਿਵੇਂ ਇਸ ਨੂੰ ਅੱਗੇ ਵਧਾਉਣ ਬਾਰੇ ਸੋਚ ਰਹੇ ਹਾਂ।’ ਦੋਵਾਂ ਮੁਲਕਾਂ ਵੱਲੋਂ ਨਵੰਬਰ ’ਚ ਗੱਲਬਾਤ ਮੁਕੰਮਲ ਕਰ ਲੈਣ ਬਾਰੇ ਪੁੱਛੇ ਸੁਆਲ ਦੇ ਜੁਆਬ ’ਚ ਸ੍ਰੀ ਗੋਇਲ ਨੇ ਕਿਹਾ,‘ਇਸ ਦੀ ਪੂਰੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਸ੍ਰੀ ਗੋਇਲ ਨੇ ਵਪਾਰਕ ਗੱਲਬਾਤ ਲਈ ਨਿਊਯਾਰਕ ਵਿੱਚ ਸਰਕਾਰੀ ਵਫ਼ਦ ਦੀ ਅਗਵਾਈ ਕੀਤੀ ਸੀ, ਜਿਸ ਮਗਰੋਂ ਭਾਰਤ ਤੇ ਅਮਰੀਕਾ ਨੇ ਦੁਵੱਲੇ ਵਪਾਰਕ ਸਮਝੌਤੇ ’ਤੇ ਜਲਦੀ ਫ਼ੈਸਲਾ ਲੈਣ ਲਈ ਗੱਲਬਾਤ ਜਾਰੀ ਰੱਖਣ ਦਾ ਫ਼ੈਸਲਾ ਲਿਆ ਸੀ।
Advertisement
Advertisement