ਭਾਰਤ-ਬਰਤਾਨੀਆ ਮਸ਼ਕਾਂ ਸ਼ੁਰੂ
ਭਾਰਤ ਅਤੇ ਬਰਤਾਨੀਆ ਦੀਆਂ ਫ਼ੌਜਾਂ ਵਿਚਾਲੇ ਮਸ਼ਕਾਂ ‘ਅਜੇਯ ਵਾਰੀਅਰ-25’ ਅੱਜ ਤੋਂ ਰਾਜਸਥਾਨ ਦੇ ਵਿਦੇਸ਼ੀ ਟਰੇਨਿੰਗ ਨੋਡ ਸਥਿਤ ਮਹਾਜਨ ਫੀਲਡ ਫਾਇਰਿੰਗ ਰੇਂਜ ’ਚ ਸ਼ੁਰੂ ਹੋ ਗਈਆਂ ਹਨ। ਦੋ ਹਫ਼ਤਿਆਂ ਦੀਆਂ ਮਸ਼ਕਾਂ 30 ਨਵੰਬਰ ਤੱਕ ਜਾਰੀ ਰਹਿਣਗੀਆਂ। ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਮਸ਼ਕਾਂ ’ਚ ਭਾਰਤੀ ਅਤੇ ਬ੍ਰਿਟਿਸ਼ ਫ਼ੌਜ ਦੇ 240 ਜਵਾਨ ਹਿੱਸਾ ਲੈ ਰਹੇ ਹਨ। ਭਾਰਤੀ ਫ਼ੌਜ ਦੀ ਨੁਮਾਇੰਦਗੀ ਸਿੱਖ ਰੈਜੀਮੈਂਟ ਦੇ ਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ। ਦੋਵੇਂ ਮੁਲਕਾਂ ਵਿਚਾਲੇ ਮਸ਼ਕਾਂ ਅਰਧ-ਸ਼ਹਿਰੀ ਮਾਹੌਲ ’ਚ ਅਤਿਵਾਦ ਵਿਰੋਧੀ ਅਪਰੇਸ਼ਨਾਂ ’ਤੇ ਕੇਂਦਰਤ ਹਨ। ਦੋਵੇਂ ਮੁਲਕਾਂ ਦੇ ਫ਼ੌਜੀ ਇਕ-ਦੂਜੇ ਨਾਲ ਰਣਨੀਤਕ ਮਹਾਰਤ ਅਤੇ ਅਤਿ ਆਧੁਨਿਕ ਢੰਗ ਤਰੀਕਿਆਂ ਬਾਰੇ ਵੀ ਸਾਂਝ ਪਾਉਣਗੇ। ‘ਅਜੇਯ ਵਾਰੀਅਰ’ ਮਸ਼ਕਾਂ 2011 ਤੋਂ ਹੋ ਰਹੀਆਂ ਹਨ ਅਤੇ ਐਤਕੀਂ ਖੇਤਰੀ ਸਥਿਰਤਾ ਤੇ ਆਲਮੀ ਸ਼ਾਂਤੀ ਪ੍ਰਤੀ ਵਚਨਬੱਧਤਾ ਵੀ ਪ੍ਰਗਟਾਈ ਗਈ ਹੈ। ਪਿਛਲੀਆਂ ਮਸ਼ਕਾਂ 2023 ’ਚ ਇੰਗਲੈਂਡ ਦੇ ਸੈਲਿਸਬਰੀ ’ਚ ਹੋਈਆਂ ਸਨ। ਪਿਛਲੇ ਮਹੀਨੇ ਦੋਵੇਂ ਮੁਲਕਾਂ ਨੇ ਪੱਛਮੀ ਕੰਢੇ ’ਤੇ ਕੋਂਕਣ ’ਚ ਸਫ਼ਲਤਾਪੂਰਵਕ ਮਸ਼ਕਾਂ ਕੀਤੀਆਂ ਸਨ। ਮਸ਼ਕਾਂ ’ਚ ਭਾਰਤੀ ਜਲ ਸੈਨਾ ਅਤੇ ਰੌਇਲ ਨੇਵੀ ਨੇ ਹਿੱਸਾ ਲਿਆ ਸੀ। ਸਮੁੰਦਰੀ ਇਲਾਕਿਆਂ ’ਚ ਚੌਕਸੀ ਰੱਖਣ ਲਈ ਇਹ ਮਸ਼ਕਾਂ ਅਹਿਮ ਸਨ।
