‘ਇੰਡੀਆ’ ਵੱਲੋਂ ਨਕਸਲਵਾਦ ਲਿਆਉਣ ਦੀ ਕੋਸ਼ਿਸ਼: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਸ਼ ਲਾਉਂਦਿਆਂ ਕਿਹਾ ਕਿ ‘ਇੰਡੀਆ’ ਗੱਠਜੋੜ ਨਕਸਲਵਾਦ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਗ੍ਰਹਿ ਮੰਤਰੀ ਨੇ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਲਈ ਕੀਤੇ ਜਾ ਰਹੇ ਪ੍ਰਚਾਰ ਦੇ ਆਖਰੀ ਦਿਨ ਸਾਸਾਰਾਮ ਅਤੇ ਅਰਵਲ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ।
ਇਸ ਦੌਰਾਨ ਉਨ੍ਹਾਂ ਹਾਲ ਹੀ ਵਿੱਚ ਰਾਹੁਲ ਗਾਂਧੀ ਤੇ ਤੇਜਸਵੀ ਯਾਦਵ ਵੱਲੋਂ ਕੀਤੀ ਗਈ ‘ਵੋਟਰ ਅਧਿਕਾਰ ਯਾਤਰਾ’ ਬਾਰੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਦਾ ਉਦੇਸ਼ ਬਿਹਾਰ ਦੇ ਲੋਕਾਂ ਦੇ ਜੀਵਨ ਵਿੱਚ ਕੋਈ ਸੁਧਾਰ ਲਿਆਉਣਾ ਨਹੀਂ ਸੀ, ਸਗੋਂ ਘੁਸਪੈਠੀਆਂ ਨੂੰ ਪਨਾਹ ਦੇਣਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਦੀ ਵੋਟ ਬੈਂਕ ਘੁਸਪੈਠੀਏ ਹਨ, ਉਹ ਘੁਸਪੈਠੀਆਂ ਨੂੰ ਹੁਲਾਰਾ ਦੇਣ ਵਾਲੀ ਰਾਜਨੀਤੀ ਕਰ ਰਹੇ ਹਨ। ਗ੍ਰਹਿ ਮੰਤਰੀ ਨੇ ਸੀ ਪੀ ਆਈ (ਐੱਮ ਐੱਲ)-ਲਿਬਰੇਸ਼ਨ ਵੱਲੋਂ ‘ਇੰਡੀਆ’ ਸਮੂਹ ਨਾਲ ਗੱਠਜੋੜ ਕਰਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਜਪਾ ਨਕਸਲਵਾਦ ਨੂੰ ਖਤਮ ਕਰਨ ਲਈ ਵਚਨਬੱਧ ਹੈ, ਪਰ ਜੇਕਰ ਇਨ੍ਹਾਂ ਲਾਲ ਝੰਡੇ ਵਾਲਿਆਂ ਨੂੰ ਮੌਕਾ ਦਿੱਤਾ ਤਾਂ ਬਿਹਾਰ ਮੁੜ ਤੋਂ ਜੰਗਲਰਾਜ ਬਣ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਵਿੱਚ ਵਿਰੋਧੀਆਂ ਦਾ ਪਹਿਲੇ ਗੇੜ ’ਚ ਹੀ ਸਫਾਇਆ ਹੋ ਜਾਵੇਗਾ।
