ਭਾਰਤ ਵਿੱਚ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਸਭ ਤੋਂ ਉੱਪਰ: UN REPORT
ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (UNEP) ਦੀ ਐਮੀਸ਼ਨ ਗੈਪ ਰਿਪੋਰਟ 2025 ਵਿੱਚ ਜਲਵਾਯੂ ਜੋਖਮਾਂ ਅਤੇ ਨੁਕਸਾਨਾਂ ਦੇ ਗੰਭੀਰ ਵਾਧੇ ਦੀ ਚੇਤਾਵਨੀ ਦਿੰਦੇ ਹੋਏ ਇਹ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਦੁਨੀਆ ਵਿੱਚ ਗ੍ਰੀਨਹਾਊਸ ਗੈਸਾਂ (GHG) ਦੇ ਨਿਕਾਸ ਵਿੱਚ ਸਭ ਤੋਂ ਉੱਪਰ ਹੈ।
ਰਿਪੋਰਟ ਅਨੁਸਾਰ, ਗ੍ਰੀਨਹਾਊਸ ਗੈਸਾਂ (GHG) ਦੇ ਕੁੱਲ ਪ੍ਰਦੂਸ਼ਣ ਵਿੱਚ ਸਭ ਤੋਂ ਵੱਡਾ ਵਾਧਾ ਭਾਰਤ ਅਤੇ ਚੀਨ ਵਿੱਚ ਦੇਖਿਆ ਗਿਆ ਹੈ। ਇੰਡੋਨੇਸ਼ੀਆ ਵਿੱਚ ਵੀ ਇਹ ਵਾਧਾ ਸਭ ਤੋਂ ਤੇਜ਼ੀ ਨਾਲ ਹੋਇਆ ਹੈ।
ਦੁਨੀਆ ਦੇ ਕੁੱਲ ਪ੍ਰਦੂਸ਼ਣ ਦਾ 77% ਹਿੱਸਾ G20 ਦੇਸ਼ਾਂ ਦਾ ਹੈ ਅਤੇ 2024 ਵਿੱਚ ਇਨ੍ਹਾਂ ਦਾ ਪ੍ਰਦੂਸ਼ਣ 0.7% ਵਧਿਆ ਹੈ।
ਰਿਪੋਰਟ ਵਿੱਚ ਇਹ ਵੀ ਬਿਆਨ ਕੀਤਾ ਗਿਆ ਹੈ ਕਿ ਪ੍ਰਦੂਸ਼ਣ ਫੈਲਾਉਣ ਵਾਲੇ ਛੇ ਸਭ ਤੋਂ ਵੱਡੇ ਦੇਸ਼ਾਂ (ਜਿਨ੍ਹਾਂ ਵਿੱਚ ਚੀਨ, ਅਮਰੀਕਾ ਅਤੇ ਰੂਸ ਸ਼ਾਮਲ ਹਨ) ਵਿੱਚੋਂ ਸਿਰਫ਼ ਯੂਰਪੀ ਸੰਘ (European Union) ਨੇ ਹੀ 2024 ਵਿੱਚ ਪ੍ਰਦੂਸ਼ਣ ਘਟਾਇਆ ਹੈ।
ਅੰਕੜਿਆਂ ਅਨੁਸਾਰ, ਪੈਰਿਸ ਸਮਝੌਤੇ (Paris Agreement) ਦਾ ਟੀਚਾ ਦੁਨੀਆ ਦੇ ਤਾਪਮਾਨ ਨੂੰ 1.5 ਡਿਗਰੀ ਸੈਲਸੀਅਸ ਤੋਂ ਵੱਧ ਵਧਣ ਤੋਂ ਰੋਕਣਾ ਹੈ ਪਰ ਦੁਨੀਆ ਇਸ ਟੀਚੇ ਤੋਂ ਬਹੁਤ ਦੂਰ ਹੈ। ਮੌਜੂਦਾ ਯੋਜਨਾਵਾਂ ਦੇ ਮੁਤਾਬਕ, ਇਸ ਸਦੀ ਦੇ ਅੰਤ ਤੱਕ ਦੁਨੀਆ ਦਾ ਤਾਪਮਾਨ 2.3 ਤੋਂ 2.5 ਡਿਗਰੀ ਸੈਲਸੀਅਸ ਤੱਕ ਵਧਣ ਦੀ ਸੰਭਾਵਨਾ ਹੈ। ਪਿਛਲੇ ਸਾਲ ਇਹ ਅਨੁਮਾਨ 2.6 ਤੋਂ 2.8 ਡਿਗਰੀ ਸੀ, ਭਾਵੇਂ ਕਿ ਇਸ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਸ ਨੇ ਕਿਹਾ ਹੈ ਕਿ ਭਾਵੇਂ ਤਾਪਮਾਨ ਦਾ ਵਾਧਾ ਅਟੱਲ ਹੈ, ਪਰ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ। ਸਾਨੂੰ ਅੱਗੇ ਵਧਣਾ ਚਾਹੀਦਾ ਹੈ ਅਤੇ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ। 1.5 ਡਿਗਰੀ ਸੈਲਸੀਅਸ ਦਾ ਟੀਚਾ ਅਜੇ ਵੀ ਹਾਸਲ ਕੀਤਾ ਜਾ ਸਕਦਾ ਹੈ, ਬਸ਼ਰਤੇ ਅਸੀਂ ਆਪਣੇ ਯਤਨਾਂ ਨੂੰ ਹੋਰ ਵਧਾਈਏ।
