ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਵੱਖ-ਵੱਖ ਦੇਸ਼ਾਂ ਦੀਆਂ ਸੰਸਦਾਂ ਨਾਲ ਦੋਸਤੀ ਗਰੁੱਪ ਸਥਾਪਤ ਕਰੇਗਾ: ਬਿਰਲਾ

ਲੋਕ ਸਭਾ ਸਪੀਕਰ ਨੇ ਸੰਸਦੀ ਕੂਟਨੀਤੀ ਅੱਗੇ ਵਧਾਉਣ ਦੀ ਕੀਤੀ ਵਕਾਲਤ
Advertisement

ਮੁੰਬਈ, 23 ਜੂਨ

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਸੰਸਦੀ ਕੂਟਨੀਤੀ ਨੂੰ ਅੱਗੇ ਵਧਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਭਾਰਤ ਜਲਦੀ ਹੀ ਵੱਖ-ਵੱਖ ਦੇਸ਼ਾਂ ਦੀਆਂ ਸੰਸਦਾਂ ਨਾਲ ਦੋਸਤੀ ਗਰੁੱਪ ਸਥਾਪਤ ਕਰੇਗਾ। ਪਾਕਿਸਤਾਨ ਤੋਂ ਪੈਦਾ ਹੋਣ ਵਾਲੇ ਅਤਿਵਾਦ ਨੂੰ ਜੜ੍ਹੋਂ ਪੁੱਟਣ ਦੀ ਭਾਰਤ ਦੀ ਵਚਨਬੱਧਤਾ ਪ੍ਰਗਟਾਉਣ ਲਈ ਅਪਰੇਸ਼ਨ ਸਿੰਧੂਰ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵਿੱਚ ਗਏ ਬਹੁ-ਪਾਰਟੀ ਵਫ਼ਦਾਂ ਦੌਰਾਨ ਅੰਤਰ-ਸੰਸਦੀ ਦੋਸਤੀ ਗਰੁੱਪ ਸਥਾਪਤ ਕਰਨ ਦਾ ਸੁਝਾਅ ਵੀ ਦਿੱਤਾ ਗਿਆ ਸੀ। ਬਿਰਲਾ ਨੇ ਇੱਥੇ ਸੰਸਦ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਿਧਾਨ ਸਭਾਵਾਂ ਦੀਆਂ ਅਨੁਮਾਨ ਕਮੇਟੀਆਂ ਦੀ ਕੌਮੀ ਕਾਨਫਰੰਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਸੰਸਦੀ ਦੋਸਤੀ ਗਰੁੱਪ ਸਥਾਪਤ ਕਰਨ ਬਾਰੇ ਕੰਮ ਕਰ ਰਹੇ ਹਾਂ। ਕਈ ਦੇਸ਼ਾਂ ਨੇ ਅਜਿਹੀਆਂ ਅਪੀਲਾਂ ਕੀਤੀਆਂ ਹਨ।’ ਜ਼ਿਕਰਯੋਗ ਹੈ ਕਿ ਅਪਰੇਸ਼ਨ ਸਿੰਧੂਰ ਮਗਰੋਂ ਕਾਂਗਰਸ ਆਗੂ ਸ਼ਸ਼ੀ ਥਰੂਰ, ਡੀਐੱਮਕੇ ਆਗੂ ਕਨੀਮੋਜ਼ੀ, ਐੱਨਸਪੀ ਆਗੂ ਸੁਪ੍ਰਿਆ ਸੂਲੇ ਅਤੇ ਹੋਰ ਵੱਖ-ਵੱਖ ਪਾਰਟੀਆਂ ਦੀ ਅਗਵਾਈ ਹੇਠ ਸੱਤ ਬਹੁ-ਪਾਰਟੀ ਵਫ਼ਦ ਵੱਖ-ਵੱਖ ਦੇਸ਼ਾਂ ਵਿੱਚ ਗਏ ਸਨ। ਵਤਨ ਪਰਤਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਵਫ਼ਦਾਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕਈ ਦੇਸ਼ਾਂ ਵੱਲੋਂ ਸੰਸਦੀ ਦੋਸਤੀ ਗਰੁੱਪ ਦੀ ਵਿਧੀ ਨੂੰ ਸੰਸਥਾਗਤ ਬਣਾਉਣ ਦੀ ਪ੍ਰਗਟਾਈ ਗਈ ਇੱਛਾ ਤੋਂ ਜਾਣੂ ਕਰਵਾਇਆ।

Advertisement

ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਸੰਸਦੀ ਕੂਟਨੀਤੀ ਦੇ ਹਿੱਸੇ ਵਜੋਂ ਇਨ੍ਹਾਂ ਗਰੁੱਪਾਂ ਨੂੰ ਸੰਸਥਾਗਤ ਬਣਾਉਣ ਦੇ ਵਿਚਾਰ ਨਾਲ ਸਹਿਮਤੀ ਪ੍ਰਗਟਾਈ ਹੈ, ਤਾਂ ਜੋ ਵੱਖ-ਵੱਖ ਮੁੱਦਿਆਂ ’ਤੇ ਭਾਰਤ ਦੇ ਸੰਦੇਸ਼ ਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਇਆ ਜਾ ਸਕੇ। ਬਿਰਲਾ ਨੇ ਕਿਹਾ ਕਿ ਉਹ ਜਲਦੀ ਹੀ ਇਸ ਵਿਸ਼ੇ ’ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਚਰਚਾ ਕਰਨਗੇ ਅਤੇ ਸੁਝਾਅ ਨੂੰ ਅੱਗੇ ਵਧਾਉਣ ਦੇ ਤਰੀਕੇ ਲੱਭਣਗੇ। -ਪੀਟੀਆਈ

ਲੋਕ ਸਭਾ ਮੈਂਬਰ ਆਪੋ-ਆਪਣੀਆਂ ਸੀਟਾਂ ’ਤੇ ਟੈਬਲੇਟ ਰਾਹੀਂ ਲਾ ਸਕਣਗੇ ਹਾਜ਼ਰੀ

ਮੁੰਬਈ: ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਇੱਥੇ ਕਿਹਾ ਕਿ ਲੋਕ ਸਭਾ ਦੇ ਮੈਂਬਰ ਜਲਦੀ ਹੀ ਸਦਨ ਵਿੱਚ ਨਿਰਧਾਰਤ ਸੀਟਾਂ ’ਤੇ ਆਪਣੀ ਹਾਜ਼ਰੀ ਲਾ ਸਕਣਗੇ। ਬਿਰਲਾ ਨੇ ਕਿਹਾ ਕਿ ਸਦਨ ਵਿੱਚ ਮੈਂਬਰਾਂ ਦੀਆਂ ਨਿਰਧਾਰਤ ਸੀਟਾਂ ’ਤੇ ਲਾਏ ਗਏ ਟੈਬਲੇਟ ਕੰਪਿਊਟਰਾਂ ’ਤੇ ਹੀ ਉਨ੍ਹਾਂ ਦੀ ਹਾਜ਼ਰੀ ਦਰਜ ਕਰਨ ਦੀ ਸਹੂਲਤ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਆਪੋ-ਆਪਣੇ ਸਦਨਾਂ ਲੋਕ ਸਭਾ ਜਾਂ ਰਾਜ ਸਭਾ ਦੀਆਂ ਲੌਬੀਆਂ ’ਚ ਰੱਖੇ ਗਏ ਰਜਿਸਟਰਾਂ ’ਤੇ ਆਪਣੀ ਹਾਜ਼ਰੀ ਲਾਉਂਦੇ ਹਨ। ਬਿਰਲਾ ਨੇ ਪਿਛਲੇ ਸਾਲ ਸੰਸਦ ਨੂੰ ਕਾਗਜ਼ ਰਹਿਤ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਮੈਂਬਰਾਂ ਨੂੰ ਇਲੈਕਟ੍ਰਾਨਿਕ ਟੈਬਲੇਟ ’ਤੇ ਡਿਜੀਟਲ ਪੈੱਨ ਦੀ ਵਰਤੋਂ ਕਰਕੇ ਸਦਨ ਵਿੱਚ ਆਪਣੀ ਹਾਜ਼ਰੀ ਲਾਉਣ ਦਾ ਬਦਲ ਦਿੱਤਾ ਸੀ। ਸੰਸਦ ਸੈਸ਼ਨਾਂ ਦੌਰਾਨ ਰੋਜ਼ਾਨਾ ਦਾ ਭੱਤਾ ਲੈਣ ਲਈ ਮੈਂਬਰਾਂ ਨੂੰ ਰਜਿਸਟਰ ’ਤੇ ਆਪਣੀ ਹਾਜ਼ਰੀ ਦਰਜ ਕਰਨੀ ਪੈਂਦੀ ਹੈ। -ਪੀਟੀਆਈ

Advertisement