ਖੋਜ ਖੇਤਰ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕਰੇਗਾ ਭਾਰਤ : ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਖੋਜ ਖੇਤਰ ਵਿੱਚ ਅਰਬਾਂ ਡਾਲਰ ਨਿਵੇਸ਼ ਕਰਨ ਜਾ ਰਿਹਾ ਹੈ। ਮੁੰਬਈ ਵਿੱਚ ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਵਿਗਿਆਨ ’ਤੇ 18ਵੇਂ ਅੰਤਰਰਾਸ਼ਟਰੀ ਓਲੰਪਿਆਡ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਪਰੰਪਰਾ ਅਤੇ ਨਵੀਨਤਾ ਦਾ ਸੰਗਮ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਦੁਨੀਆ ਦੀਆਂ ਸਭ ਤੋਂ ਉੱਚੀਆਂ ਖਗੋਲ ਵਿਗਿਆਨ ਪ੍ਰਯੋਗਸ਼ਾਲਾਵਾਂ ਵਿੱਚੋਂ ਇੱਕ ਹੈ, ਜੋ ਕਿ ਲੱਦਾਖ ਵਿੱਚ ਹੈ। ਇਸ ਪ੍ਰਯੋਗਸ਼ਾਲਾਵਾਂ ਦੀ ਉਚਾਈ ਸਮੁੰਦਰ ਤਲ ਤੋਂ 4,500 ਮੀਟਰ ਹੈ। ਭਾਰਤ ਕੌਮਾਂਤਰੀ ਸਹਿਯੋਗ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦਾ ਹੈ।
ਭਾਰਤ ਦੀਆਂ ਵਿਗਿਆਨਕ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ , “ਭਾਰਤ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਸਫਲਤਾਪੂਰਵਕ ਲੈਂਡ ਕਰਨ ਵਾਲਾ ਪਹਿਲਾ ਦੇਸ਼ ਹੈ।”
ਮੋਦੀ ਨੇ ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਵੀ ਪ੍ਰਸ਼ੰਸਾ ਕੀਤੀ, ਜੋ ਹਾਲ ਹੀ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ 18 ਦਿਨਾਂ ਦੇ ਸਫਲ ਮਿਸ਼ਨ ਨੂੰ ਪੂਰਾ ਕਰਨ ਤੋਂ ਬਾਅਦ ਵਾਪਸ ਆਏ ਹਨ। ਇਹ ਸਾਰੇ ਭਾਰਤੀਆਂ ਅਤੇ ਨੌਜਵਾਨਾਂ ਲਈ ਮਾਣ ਅਤੇ ਪ੍ਰੇਰਨਾ ਦਾ ਪਲ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਗਿਆਨ ਦਾ ਭਵਿੱਖ ਤੁਹਾਡੇ ਹੱਥਾਂ ਵਿੱਚ ਹੈ। ਅਸਲ-ਸੰਸਾਰ ਦੀਆਂ ਸਮੱਸਿਆਵਾਂ ਨੂੰ ਕਲਪਨਾ ਅਤੇ ਸੰਵੇਦਨਸ਼ੀਲਤਾ ਨਾਲ ਹੱਲ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ, “ਭਾਰਤ ਕੌਮਾਂਤਰੀ ਸਹਿਯੋਗ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦਾ ਹੈ। ਇਹ ਓਲੰਪਿਆਡ ਉਸ ਭਾਵਨਾ ਨੂੰ ਦਰਸਾਉਂਦਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਓਲੰਪਿਆਡ ਹੈ।”
18ਵਾਂ IOAA 11 ਤੋਂ 21 ਅਗਸਤ ਤੱਕ ਮੁੰਬਈ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਮਾਗਮ ਹੋਮੀ ਭਾਭਾ ਸੈਂਟਰ ਫਾਰ ਸਾਇੰਸ ਐਜੂਕੇਸ਼ਨ, ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ ਮੁੰਬਈ ਵਲੋਂ ਕੀਤਾ ਜਾ ਰਿਹਾ ਹੈ। ਇਹ ਕੇਂਦਰ ਪਰਮਾਣੂ ਊਰਜਾ ਵਿਭਾਗ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਅਤੇ ਡੀਮਡ ਯੂਨੀਵਰਸਿਟੀ ਹੈ।