ਸੰਯੁਕਤ ਰਾਸ਼ਟਰ ਪਰਿਸ਼ਦ ’ਚ ਭਾਰਤ ਨੇ ਪਾਕਿ ਨੂੰ ਘੇਰਿਆ
ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਹੱਕਾਂ ਬਾਰੇ ਪਰਿਸ਼ਦ ’ਚ ਪਾਕਿਸਤਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਮਨੁੱਖੀ ਹੱਕਾਂ ਦੇ ਮਾਮਲੇ ’ਚ ਦੁਨੀਆ ’ਚ ਸਭ ਤੋਂ ਖ਼ਰਾਬ ਰਿਕਾਰਡ ਵਾਲੇ ਮੁਲਕਾਂ ’ਚੋਂ ਇਕ ਨੂੰ ਆਪਣੇ ਹੀ ਸਮਾਜ ’ਚ ਧਾਰਮਿਕ ਘੱਟ ਗਿਣਤੀਆਂ ਖ਼ਿਲਾਫ਼ ਜ਼ੁਲਮ ਅਤੇ ਵਿਤਕਰੇ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਭਾਰਤ ਦੇ ਸਥਾਈ ਮਿਸ਼ਨ ਦੇ ਕਾਊਂਸਲਰ ਕੇ ਐੱਸ ਮੁਹੰਮਦ ਹੁਸੈਨ ਨੇ ਕਿਹਾ, ‘‘ਇਹ ਕਿੰਨੀ ਮਖੌਲ ਵਾਲੀ ਗੱਲ ਹੈ ਕਿ ਦੁਨੀਆ ’ਚ ਸਭ ਤੋਂ ਖ਼ਰਾਬ ਮਨੁੱਖੀ ਹੱਕਾਂ ਵਾਲੇ ਮੁਲਕਾਂ ’ਚੋਂ ਇਕ ਹੋਰਾਂ ਨੂੰ ਲੈਕਚਰ ਦੇ ਰਿਹਾ ਹੈ।’’ ਹੁਸੈਨ ਨੇ ਕਿਹਾ ਕਿ ਭਾਰਤ ਖ਼ਿਲਾਫ਼ ਮਨਘੜਤ ਦੋਸ਼ ਲਗਾ ਕੇ ਇਸ ਪਲੈਟਫਾਰਮ ਦੀ ਦੁਰਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਉਨ੍ਹਾਂ ਦੇ ਪਖੰਡ ਦਾ ਹੀ ਪਰਦਾਫ਼ਾਸ਼ ਕਰਦੀ ਹੈ। ਉਨ੍ਹਾਂ ਦਾ ਇਸ਼ਾਰਾ ਪਾਕਿਸਤਾਨ ਵੱਲ ਸੀ ਜਿਸ ਦੇ ਨੁਮਾਇੰਦੇ ਨੇ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ।
ਪੀਓਕੇ ’ਚ ਲੋਕਾਂ ਨਾਲ ਵਧੀਕੀ ਲਈ ਪਾਕਿ ਜ਼ਿੰਮੇਵਾਰ: ਭਾਰਤ
ਨਵੀਂ ਦਿੱਲੀ: ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਕਬੂਜ਼ਾ ਕਸ਼ਮੀਰ (ਪੀਓਕੇ) ’ਚ ਬੇਕਸੂਰ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ‘ਖ਼ੌਫ਼ਨਾਕ’ ਮਨੁੱਖੀ ਹੱਕਾਂ ਦੀ ਉਲੰਘਣਾ ਲਈ ਪਾਕਿਸਤਾਨ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਪੀਓਕੇ ਦੇ ਕਈ ਇਲਾਕਿਆਂ ’ਚ ਵੱਡੇ ਪੱਧਰ ’ਤੇ ਪ੍ਰਦਰਸ਼ਨ ਹੋਏ ਹਨ ਜਿਥੇ ਲੋਕ ਬੁਨਿਆਦੀ ਹੱਕਾਂ ਅਤੇ ਇਨਸਾਫ਼ ਦੀ ਮੰਗ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ’ਚ ਬੇਕਸੂਰ ਨਾਗਰਿਕਾਂ ’ਤੇ ਪਾਕਿਸਤਾਨੀ ਫ਼ੌਜ ਵੱਲੋਂ ਤਸ਼ੱਦਦ ਕੀਤਾ ਗਿਆ ਹੈ।’’ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਗ਼ੈਰਕਾਨੂੰਨੀ ਕਬਜ਼ੇ ਵਾਲੇ ਇਲਾਕਿਆਂ ’ਚ ਲੋਕ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਸ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।