ਭਾਰਤ ਯੂਕਰੇਨ ਸੰਘਰਸ਼ ਜਲਦੀ ਖ਼ਤਮ ਕਰਨ ਦਾ ਹਾਮੀ: ਜੈਸਵਾਲ
ਭਾਰਤ ਨੇ ਅੱਜ ਕਿਹਾ ਕਿ ਉਹ ਯੂਕਰੇਨ ਸੰਘਰਸ਼ ਦੇ ਜਲਦੀ ਖਤਮ ਹੋਣ ਅਤੇ ਖੇਤਰ ਵਿੱਚ ਸਥਾਈ ਸ਼ਾਂਤੀ ਦੀ ਬਹਾਲੀ ਦਾ ਸਮਰਥਨ ਕਰਦਾ ਹੈ। ਵਿਦੇਸ਼ ਮੰਤਰਾਲੇ (ਐੱਮ ਈ ਏ) ਦੀਆਂ ਇਹ ਟਿੱਪਣੀਆਂ ਯੂਕਰੇਨ ਵਿੱਚ ਜੰਗ ਨੂੰ ਖਤਮ ਕਰਨ ਲਈ ਵਾਸ਼ਿੰਗਟਨ ਵੱਲੋਂ ਪਾਏ ਜਾ ਰਹੇ ਦਬਾਅ ਵਿਚਾਲੇ ਆਈਆਂ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘ਜਿੱਥੋਂ ਤੱਕ ਯੂਕਰੇਨ ਸੰਘਰਸ਼ ਦਾ ਸਵਾਲ ਹੈ, ਅਸੀਂ ਯੂਕਰੇਨ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਹਾਲ ਹੀ ਵਿੱਚ ਕੀਤੇ ਯਤਨ ਦਾ ਸਵਾਗਤ ਕਰਦੇ ਹਾਂ।’ ਉਨ੍ਹਾਂ ਕਿਹਾ, ‘ਅਸੀਂ ਉਮੀਦ ਕਰਦੇ ਹਾਂ ਕਿ ਸਾਰੀਆਂ ਧਿਰਾਂ ਉਸਾਰੂ ਤਰੀਕੇ ਨਾਲ ਅੱਗੇ ਵਧਣਗੀਆਂ। ਭਾਰਤ ਇਸ ਸੰਘਰਸ਼ ਦੇ ਜਲਦੀ ਖ਼ਤਮ ਹੋਣ ਅਤੇ ਸਥਾਈ ਸ਼ਾਂਤੀ ਸਥਾਪਤ ਹੋਣ ਦਾ ਸਮਰਥਨ ਕਰਦਾ ਹੈ।’ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੀਤੇ ਦਿਨ ਯੂਕਰੇਨ ਦੇ ਆਪਣੇ ਹਮਰੁਤਬਾ ਆਂਦਰੀ ਸਿਬੀਹਾ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਇਸ ਮਗਰੋਂ ਸਿਬੀਹਾ ਨੇ ਕਿਹਾ ਸੀ ਕਿ ਉਹ ਅਤੇ ਜੈਸ਼ੰਕਰ ਇਸ ਮਹੀਨੇ ਦੇ ਅੰਤ ਵਿੱਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਮੌਕੇ ਮਿਲਣ ਲਈ ਸਹਿਮਤ ਹੋਏ ਹਨ।