ਟਰੰਪ ਦੇ ਟੈਰਿਫ ਕਾਰਨ ਭਾਰਤ ਨੂੰ ਨੁਕਸਾਨ: ਥਰੂਰ
ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਅਮਰੀਕਾ ਵੱਲੋਂ ਲਾਏ ਟੈਰਿਫ ਦਾ ਭਾਰਤ ’ਤੇ ਅਸਰ ਪੈ ਰਿਹਾ ਹੈ ਅਤੇ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ‘ਅਸਥਿਰ’ ਸੁਭਾਅ ਦਾ ਮੁਜ਼ਾਹਰਾ ਕਰ ਰਹੇ ਹਨ ਅਤੇ ਉਹ ਕੂਟਨੀਤਕ ਵਿਹਾਰ ਦੇ ਰਵਾਇਤੀ ਪੈਮਾਨਿਆਂ ਦਾ ਸਨਮਾਨ ਨਹੀਂ ਕਰਦੇ। ਅਮਰੀਕਾ ਨੇ ਭਾਰਤ ਤੋਂ ਬਰਾਮਦ ਹੋਣ ਵਾਲੀਆਂ ਵਸਤਾਂ ’ਤੇ 50 ਫੀਸਦ ਟੈਕਸ ਲਾਇਆ ਹੈ ਜਿਸ ਵਿੱਚ ਰੂਸ ਤੋਂ ਤੇਲ ਖਰੀਦਣ ਲਈ ਲਾਇਆ ਗਿਆ 25 ਫੀਸਦ ਵਾਧੂ ਟੈਕਸ ਵੀ ਸ਼ਾਮਲ ਹੈ। ਥਰੂਰ ਨੇ ਕਿਹਾ ਕਿ ਟੈਰਿਫ ਦਾ ਅਸਰ ਘਟਾਉਣ ਲਈ ਭਾਰਤ ਨੂੰ ਬਰਾਮਦ ਬਾਜ਼ਾਰਾਂ ’ਚ ਵੰਨ-ਸੁਵੰਨਤਾ ਲਿਆਉਣ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਰਤ ’ਚ ਨਗ ਤੇ ਗਹਿਣਾ ਕਾਰੋਬਾਰ, ਸਮੁੰਦਰੀ ਖੁਰਾਕ ਤੇ ਨਿਰਮਾਣ ਖੇਤਰ ’ਚ 1.35 ਲੱਖ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਭਾਰਤ ਦੇ ਰੀਅਲ ਅਸਟੇਟ ਖੇਤਰ ਦੀ ਮੋਹਰੀ ਸਨਅਤੀ ਬਾਡੀ ‘ਕ੍ਰੇਡਾਈ’ ਵੱਲੋਂ ਕਰਵਾਏ ਇੱਕ ਸੰਮੇਲਨ ’ਚ ਭਾਰਤ-ਅਮਰੀਕਾ ਸਬੰਧਾਂ ਤੇ ਟੈਰਿਫ ਬਾਰੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਥਰੂਰ ਨੇ ਕਿਹਾ, ‘ਟਰੰਪ ਬਹੁਤ ਹੀ ਅਸਥਿਰ ਵਿਅਕਤੀ ਹਨ ਅਤੇ ਅਮਰੀਕੀ ਸ਼ਾਸਨ ਪ੍ਰਬੰਧ ਰਾਸ਼ਟਰਪਤੀ ਨੂੰ ਬਹੁਤ ਜ਼ਿਆਦਾ ਤਾਕਤ ਦਿੰਦਾ ਹੈ।’