ਭਾਰਤ ਵੱਲੋਂ ਡਰੋਨ ਤੋਂ ਮਿਜ਼ਾਈਲ ਛੱਡਣ ਦਾ ਸਫ਼ਲ ਪ੍ਰੀਖਣ
ਭਾਰਤ ਨੇ ਮਾਨਵ ਰਹਿਤ ਹਵਾਈ ਵਾਹਨ (UAV) ਤੋਂ ਮਿਜ਼ਾਈਲ ਛੱਡਣ ਦਾ ਸਫਲ ਪ੍ਰੀਖਣ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਵੱਲੋਂ ਇਹ ਪ੍ਰੀਖਣ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ ਟੈਸਟ ਰੇਂਜ ਤੋਂ ਕੀਤਾ ਗਿਆ ਸੀ। ਯੂਏਵੀ ਲਾਂਚਡ ਪ੍ਰੀਸੀਜਨ ਗਾਈਡਿਡ ਮਿਜ਼ਾਈਲ (ULPGM) ਨਾਂ ਦੀ ਇਸ ਮਿਜ਼ਾਈਲ ਦੀ ਵਰਤੋਂ ਜੰਗ ਦੌਰਾਨ ਮੁਸ਼ਕਲ ਪਹਾੜੀ ਇਲਾਕਿਆਂ ਵਿਚ ਕੀਤੀ ਜਾ ਸਕਦੀ ਹੈ। ਯੂਏਵੀ ਲਾਂਚ ਟੀਚੇ ’ਤੇ ਮਿਜ਼ਾਈਲ ਦਾਗਣ ਦਾ ਘੱਟ ਲਾਗਤ ਵਾਲਾ ਬਦਲ ਹੈ।
ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ (LoC) ਅਤੇ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (LAC) ਦੇ ਨਾਲ ਕਈ ਖੇਤਰਾਂ ਨੂੰ ਜ਼ਮੀਨ ਤੋਂ ਦਾਗੀਆਂ ਗਈਆਂ ਮਿਜ਼ਾਈਲਾਂ ਤੋਂ ਨਿਸ਼ਾਨਾ ਬਣਾਉਣਾ ਮੁਸ਼ਕਲ ਹੈ। LAC ਜਾਂ LoC ਦੇ ਨੇੜੇ ਘੱਟ ਅਹਿਮੀਅਤ ਵਾਲੇ ਰਣਨੀਤਕ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਲਈ ਲੜਾਕੂ ਜਹਾਜ਼ ਭੇਜਣਾ ਸਮਝਦਾਰੀ ਨਹੀਂ ਹੋਵੇਗੀ ਜਦੋਂ ਇਹੀ ਕੰਮ ਘੱਟ ਕੀਮਤ ਵਾਲੇ UAV ਵੱਲੋਂ ਕੀਤਾ ਜਾ ਸਕਦਾ ਹੈ।
ਭਾਰਤ ਕੋਲ ਹਥਿਆਰਬੰਦ ਯੂਏਵੀ ਅਤੇ Kamikaze ਡਰੋਨ ਵੀ ਹਨ, ਪਰ ਇਨ੍ਹਾਂ ਦੀ ਵਰਤੋਂ ਲੰਬੀ ਦੂਰੀ ਦੇ ਹਮਲਿਆਂ ਲਈ ਕੀਤੀ ਜਾਂਦੀ ਹੈ। ਭਾਰਤ ਨੂੰ ਅਮਰੀਕੀ ਕੰਪਨੀ ਜਨਰਲ ਐਟੋਮਿਕਸ ਤੋਂ 31 ਪ੍ਰੀਡੇਟਰ ਹਥਿਆਰਬੰਦ ਡਰੋਨ ਵੀ ਮਿਲ ਰਹੇ ਹਨ। ਇਹ ਬਹੁਤ ਅਹਿਮ ਟੀਚਿਆਂ ਲਈ ਹਨ।
ਪ੍ਰੀਖਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਆਰਡੀਓ ਅਤੇ ਇੰਡਸਟਰੀ ਭਾਈਵਾਲਾਂ ਨੂੰ ਵਧਾਈ ਦਿੱਤੀ। ਸਿੰਘ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਇਹ ਸਫਲਤਾ ਸਾਬਤ ਕਰਦੀ ਹੈ ਕਿ ਭਾਰਤੀ ਸਨਅਤ ਹੁਣ ਅਹਿਮ ਰੱਖਿਆ ਤਕਨੀਕਾਂ ਨੂੰ ਜਜ਼ਬ ਕਰਨ ਅਤੇ ਪੈਦਾ ਕਰਨ ਲਈ ਤਿਆਰ ਹੈ।