ਭਾਰਤ ਵੱਲੋਂ ਏਕੀਕ੍ਰਿਤ ਹਵਾਈ ਰੱਖਿਆ ਪ੍ਰਣਾਲੀ ਦੀ ਪਹਿਲੀ ਉਡਾਣ ਦੀ ਸਫ਼ਲ ਅਜ਼ਮਾਇਸ਼
ਭਾਰਤ ਨੇ ਉੜੀਸਾ ਦੇ ਸਾਹਿਤ ਤੋਂ ਏਕੀਕ੍ਰਿਤ ਹਵਾਈ ਰੱਖਿਆ ਹਥਿਆਰ ਪ੍ਰਣਾਲੀ (IADWS) ਦਾ ਪਹਿਲਾ ਉਡਾਣ ਪ੍ਰੀਖਣ ‘ਸਫ਼ਲਤਾਪੂਰਵਕ’ ਪੂਰਾ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਡਾਣ ਪ੍ਰੀਖਣਾਂ ਲਈ IADWS ਨੂੰ ਵਿਕਸਤ ਕਰਨ ਵਾਲਿਆਂ, ਰੱਖਿਆ ਖੋਜ ਤੇ ਵਿਕਾਸ ਸੰਗਠਨ (DRDO) ਤੇ ਹਥਿਆਰਬੰਦ ਬਲਾਂ ਨੂੰ ਵਧਾਈ ਦਿੱਤੀ। ਸਵਦੇਸ਼ੀ ਹਵਾਈ ਰੱਖਿਆ ਪ੍ਰਣਾਲੀ ਦਾ ਸ਼ਨਿੱਚਰਵਾਰ ਦੇਰ ਰਾਤ ਸਾਢੇ 12 ਵਜੇ ਉੜੀਸਾ ਦੇ ਸਾਹਿਲ ਤੋਂ ਉਡਾਣ ਪ੍ਰੀਖਣ ਕੀਤਾ ਗਿਆ।
ਨਵੀਂ ਹਵਾਈ ਰੱਖਿਆ ਪ੍ਰਣਾਲੀ ਦਾ ਉਡਾਣ ਪ੍ਰੀਖਣ ਆਪਰੇਸ਼ਨ ਸਿੰਧੂਰ ਤੋਂ ਸਾਢੇ ਤਿੰਨ ਮਹੀਨਿਆਂ ਬਾਅਦ ਹੋਇਆ ਹੈ। IADWS ਇਕ ਬਹੁਪੱਧਰੀ ਹਵਾਈ ਰੱਖਿਆ ਪ੍ਰਣਾਲੀ ਹੈ ਜਿਸ ਵਿਚ ਫੌਰੀ ਪ੍ਰਤੀਕਿਰਿਆ ਵਾਲੀ ਸਤਹਿ ਤੋਂ ਹਵਾ ਵਿਚ ਮਾਰ ਕਰਨ ਵਾਲੀ ਸਾਰੀਆਂ ਸਵਦੇਸ਼ੀ ਮਿਜ਼ਾਈਲ, ਬਹੁਤ ਘੱਟ ਦੂਰੀ ਦੀ ਹਵਾਈ ਰੱਖਿਆ ਪ੍ਰਣਾਲੀ (VSHORADS) ਮਿਜ਼ਾਈਲ ਤੇ ਉੱਚ ਸ਼ਕਤੀ ਵਾਲੀ ਲੇਜ਼ਰ ਅਧਾਰਿਤ ਨਿਰਦੇਸ਼ਤ ਊਰਜਾ ਹਥਿਆਰ (DEW) ਪ੍ਰਣਾਲੀ ਸ਼ਾਮਲ ਹਨ।
ਸਿੰਘ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ IADWS ਸਫ਼ਲਤਾ ਨਾਲ ਵਿਕਸਤ ਕਰਨ ਵਾਸਤੇ ਡੀਆਰਡੀਓ, ਭਾਰਤੀ ਹਥਿਆਰਬੰਦ ਬਲਾਂ ਤੇ ਉਦਯੋਗ ਜਗਤ ਨੂੰ ਵਧਾਈ ਦਿੰਦਾ ਹਾਂ। ਇਸ ਵਿਲੱਖਣ ਉਡਾਣ ਪ੍ਰੀਖਣ ਨੇ ਸਾਡੇ ਦੇਸ਼ ਦੀ ਬਹੁ-ਪੱਧਰੀ ਹਵਾਈ ਰੱਖਿਆ ਸਮਰੱਥਾ ਨੂੰ ਸਥਾਪਿਤ ਕੀਤਾ ਹੈ ਅਤੇ ਦੁਸ਼ਮਣ ਦੇ ਹਵਾਈ ਖਤਰਿਆਂ ਦੇ ਵਿਰੁੱਧ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰੇਗਾ।’’