ਭਾਰਤ ਨੇ ‘ਅਪਰੇਸ਼ਨ ਸਿੰਧੂਰ’ ਰਾਹੀਂ ਪਾਕਿਸਤਾਨ ਨੂੰ ਸਪਸ਼ਟ ਸੰਦੇਸ਼ ਦਿੱਤਾ: ਫੌਜ ਮੁਖੀ
ਭਾਰਤੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਦੌਰਾਨ ਕੀਤੀ ਗਈ ਸਰਜੀਕਲ ਸਟਰਾਈਕ ਨੇ ਪਾਕਿਸਤਾਨ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਦਹਿਸ਼ਤਗਰਦਾਂ ਦੇ ਸਮਰਥਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਗਾਮ ਦਹਿਸ਼ਤੀ ਹਮਲਾ ਦੇਸ਼ ਲਈ ਡੂੰਘਾ ਜ਼ਖ਼ਮ ਸੀ, ਜਿਸ ਦਾ ਭਾਰਤ ਨੇ ਸਖਤੀ ਨਾਲ ਜਵਾਬ ਦਿੱਤਾ। ਜਨਰਲ ਦਿਵੇਦੀ ਨੇ ਇੱਥੇ ਕਾਰਗਿਲ ਜੰਗ ਸਮਾਰਕ ਵਿਚ ਹੋਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਾਸੀਆਂ ਵਲੋਂ ਦਿਖਾਏ ਗਏ ਵਿਸ਼ਵਾਸ ਅਤੇ ਸਰਕਾਰ ਵਲੋਂ ਦਿੱਤੀ ਗਈ ਖੁੱਲ੍ਹ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਵਿਚ ਦਹਿਸ਼ਤਗਰਦਾਂ ਦੀ ਹਮਾਇਤ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਸ਼ਕਤੀ ਭਾਰਤ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਜਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ।
ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਐਪਸ ਲਾਂਚ
ਦਰਾਸ (ਕਾਰਗਿਲ): ਭਾਰਤੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਤਿੰਨ ਪ੍ਰਾਜੈਕਟ ਲਾਂਚ ਕੀਤੇ, ਜਿਨ੍ਹਾਂ ਵਿੱਚ ਇੱਕ ਪੋਰਟਲ ਵੀ ਸ਼ਾਮਲ ਹੈ ਜਿੱਥੇ ਲੋਕ 26ਵੇਂ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦਾਂ ਨੂੰ ਈ-ਸ਼ਰਧਾਂਜਲੀ ਦੇ ਸਕਦੇ ਹਨ। ਦੂਸਰਾ ਪ੍ਰਾਜੈਕਟ ਕਿਊਆਰ ਕੋਡ-ਆਧਾਰਿਤ ਆਡੀਓ ਗੇਟਵੇਅ ਹੈ ਜਿਸ ’ਤੇ ਲੋਕ ਕਾਰਗਿਲ ਜੰਗ ਸਬੰਧੀ ਕਹਾਣੀਆਂ ਸੁਣ ਸਕਦੇ ਹਨ। ਤੀਜੇ ਪ੍ਰਾਜੈਕਟ ਵਿਚ ਕਾਰਗਿਲ ਦੀਆਂ ਬਰਫੀਲੀਆਂ ਪਹਾੜੀਆਂ ਬਾਰੇ ਜਾਣਕਾਰੀ ਮਿਲਦੀ ਹੈ।