‘ਇੰਡੀਆ’ ਵੱਲੋਂ ਬਿਹਾਰ ਲਈ ਮੈਨੀਫੈਸਟੋ ਜਾਰੀ
‘ਇੰਡੀਆ’ ਗੱਠਜੋੜ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਮੈਨੀਫੈਸਟੋ ਜਾਰੀ ਕਰਦਿਆਂ ਹਰੇਕ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ, ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰਨ ਅਤੇ ਬਿਜਲੀ ਦੀਆਂ 200 ਯੂਨਿਟਾਂ ਮੁਫ਼ਤ ਦੇਣ ਦਾ ਵਾਅਦਾ ਕੀਤਾ ਹੈ। ਇੱਥੇ ਪ੍ਰੈਸ ਕਾਨਫਰੰਸ ਦੌਰਾਨ 32 ਸਫ਼ਿਆਂ ਦਾ ‘ਬਿਹਾਰ ਦਾ ਤੇਜਸਵੀ ਪ੍ਰਣ’ ਨਾਂ ਹੇਠ ਮੈਨੀਫੈਸਟੋ ਜਾਰੀ ਕੀਤੇ ਜਾਣ ਸਮੇਂ 35 ਸਾਲਾ ਆਰ ਜੇ ਡੀ ਆਗੂ ਤੇਜਸਵੀ ਯਾਦਵ ਗੱਠਜੋੜ ਦੇ ਸਹਿਯੋਗੀਆਂ ਨਾਲ ਮੌਜੂਦ ਸਨ। ਮੈਨੀਫੈਸਟੋ ’ਚ ਵਕਫ਼ ਸੋਧ ਕਾਨੂੰਨ ’ਤੇ ਅਮਲ ਰੋਕਣ ਅਤੇ ਬੋਧ ਗਯਾ ਸਥਿਤ ਬੋਧੀ ਮੰਦਰਾਂ ਦਾ ਪ੍ਰਬੰਧ ਬੋਧੀ ਭਾਈਚਾਰੇ ਦੇ ਮੈਂਬਰਾਂ ਨੂੰ ਸੌਂਪਣ ਦਾ ਵਾਅਦਾ ਵੀ ਕੀਤਾ ਗਿਆ ਹੈ।
ਮੈਨੀਫੈਸਟੋ ਜਾਰੀ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਬਿਹਾਰ ਚੋਣਾਂ ਲਈ ‘ਇੰਡੀਆ’ ਗੱਠਜੋੜ ਦੇ ਐਲਾਨਨਾਮੇ ’ਚ ਵਿਹਾਰਕ ਹੱਲ ਦਾ ਭਰੋਸਾ ਦਿੰਦਿਆਂ 25 ਅਹਿਮ ਨੁਕਤੇ ਸ਼ਾਮਲ ਕੀਤੇ ਗਏ ਹਨ। ਬਿਹਾਰ ’ਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ਤੋਂ 20 ਦਿਨਾਂ ਅੰਦਰ ਰੁਜ਼ਗਾਰ ਦੇਣ ਸਬੰਧੀ ਨਵਾਂ ਕਾਨੂੰਨ ਲਿਆਂਦਾ ਜਾਵੇਗਾ। ਸਰਕਾਰ ਬਣਨ ਦੇ 20 ਮਹੀਨਿਆਂ ਬਾਅਦ ਸਾਰੇ ਸੂਬੇ ਵਿੱਚ ਰੁਜ਼ਗਾਰ ਗਾਰੰਟੀ ਯੋਜਨਾ ਲਿਆਂਦੀ ਜਾਵੇਗੀ। ਬਿਹਾਰ ਦੇ ਸਰਕਾਰੀ ਵਿਭਾਗਾਂ ’ਚ ਕੰਮ ਕਰਦੇ ਸਾਰੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਸਾਰੀਆਂ ‘ਜੀਵਿਕਾ ਦੀਦੀਆਂ’ ਨੂੰ ਪੱਕਾ ਕਰ ਕੇ 30 ਹਜ਼ਾਰ ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ। ਸ੍ਰੀ ਯਾਦਵ ਨੇ ਕਿਹਾ, ‘‘ਬਿਹਾਰ ਦੇ ਲੋਕ ਅਪਰਾਧ ਮੁਕਤ ਤੇ ਘੁਟਾਲਾ ਮੁਕਤ ਸ਼ਾਸਨ ਚਾਹੁੰਦੇ ਹਨ। ਉਹ ਇਨ੍ਹਾਂ ਚੋਣਾਂ ’ਚ ਐੱਨ ਡੀ ਏ ਨੂੰ ਸਬਕ ਸਿਖਾਉਣਗੇ। ਲੋਕ ਅਜਿਹੀ ਸਰਕਾਰ ਚਾਹੁੰਦੇ ਹਨ ਜੋ ਉਨ੍ਹਾਂ ਨੂੰ ‘ਪੜ੍ਹਾਈ’, ‘ਦਵਾਈ’, ‘ਕਮਾਈ’ ਅਤੇ ‘ਸਿੰਜਾਈ’ ਮੁਹੱਈਆ ਕਰੇ। ਐੱਨ ਡੀ ਏ ਕੋਲ ਬਿਹਾਰ ਲਈ ਕੋਈ ਨਜ਼ਰੀਆ ਨਹੀਂ ਹੈ।’’
ਮੋਦੀ-ਨਿਤੀਸ਼ ਨੇ ਨੌਜਵਾਨਾਂ ਦੀਆਂ ਇੱਛਾਵਾਂ ਦਾ ਗਲ ਘੁੱਟਿਆ: ਰਾਹੁਲ
ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੋਦੀ-ਨਿਤੀਸ਼ ਸਰਕਾਰ ਨੇ ਬਿਹਾਰ ਦੇ ਨੌਜਵਾਨਾਂ ਦੀਆਂ ਇੱਛਾਵਾਂ ਦਾ ਗਲ ਘੁੱਟਿਆ ਹੈ ਤੇ ਸੂਬੇ ਨੂੰ ਲਾਵਾਰਸ ਛੱਡ ਦਿੱਤਾ, ਜਿਸ ਕਾਰਨ ਸੂਬਾ ਵਿਕਾਸ ਪੱਖੋਂ ਪੱਛੜ ਗਿਆ ਹੈ। ਉਨ੍ਹਾਂ ਆਖਿਆ ਕਿ ਹੁਣ ਤਬਦੀਲੀ ਅਤੇ ਨਿਆਂ ਲਈ ਮਹਾਗਠਬੰਧਨ ਦੇ ਸੰਕਲਪ ਦੀ ਪੁਸ਼ਟੀ ਕਰਨ ਦਾ ਸਮਾਂ ਹੈ। ਉਨ੍ਹਾਂ ਇਹ ਟਿੱਪਣੀਆਂ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕੀਤੀਆਂ, ਜਿਸ ਦੇ ਨਾਲ ਹਾਲ ਹੀ ’ਚ ਬਿਹਾਰ ਦੇ ਨੌਜਵਾਨਾਂ ਨਾਲ ਉਨ੍ਹਾਂ ਦੀ ਗੱਲਬਾਤ ਦੀ ਵੀਡੀਓ ਵੀ ਅਟੈਚ ਹੈ। ਉਨ੍ਹਾਂ ਕਿਹਾ, ‘‘ਕੁਝ ਦਿਨ ਪਹਿਲਾਂ ਮੇਰੀ ਬਿਹਾਰ ਦੇ ਨੌਜਵਾਨਾਂ ਨਾਲ ਸਿੱਖਿਆ, ਸਿਹਤ, ਰੁਜ਼ਗਾਰ ਤੇ ਹੋਰ ਮੁੱਦਿਆਂ ’ਤੇ ਗੱਲਬਾਤ ਹੋਈ। ਇਨ੍ਹਾਂ ਸਾਰੇ ਮੁਹਾਜ਼ਾਂ ’ਤੇ ਨਿੱਘਰੀ ਹਾਲਤ ਲਈ ਸਿਰਫ ਭਾਜਪਾ-ਜੇ ਡੀ ਯੂ ਸਰਕਾਰ ਜ਼ਿੰਮੇਵਾਰ ਹੈ।।’’ ਸ੍ਰੀ ਗਾਂਧੀ ਨੇ ਕਿਹਾ, ‘‘ਬਿਹਾਰ ਸਿੱਖਿਆ ਤੇ ਰੁਜ਼ਗਾਰ ਦੇ ਮੁਹਾਜ਼ ’ਤੇ ਬਹੁਤ ਪੱਛੜਿਆ ਹੋਇਆ ਹੈ। ਮਹਿਲਾ ਸਾਖਰਤਾ ਦਰ ਬਹੁਤ ਘੱਟ ਹੈ। ਰੁਜ਼ਗਾਰ ਮਾਮਲੇ ’ਚ ਸੂਬਾ 29 ਵਿਚੋਂ 21ਵੇਂ ਅਤੇ ਪ੍ਰਤੀ ਵਿਅਕਤੀ ਆਮਦਨ ’ਚ 25ਵੇਂ ਸਥਾਨ ’ਤੇ ਹੈ। ਇਹ ਸਿਰਫ਼ ਅੰਕੜੇ ਨਹੀਂ ਬਲਕਿ ਸ਼ੀਸ਼ਾ ਹਨ, ਜੋ ਇਹ ਦਿਖਾਉਂਦੇ ਹਨ ਕਿ ‘ਡਬਲ ਇੰਜਣ’ ਸਰਕਾਰ ਨੇ ਬਿਹਾਰ ਦੀ ਤਰੱਕੀ ਤੋਂ ਕਿਵੇਂ ਰੋਕੀ ਹੋਈ ਹੈ। ਹੁਣ ਤਬਦੀਲੀ ਦਾ, ਬਿਹਾਰ ਦੇ ਮਾਣ ਨੂੰ ਮੁੜ ਸੁਰਜੀਤ ਕਰਨ ਦਾ ਸਮਾਂ ਹੈ। ਇਹ ਨਿਆਂ ਲਈ ਮਹਾਗਠਬੰਧਨ ਦੇ ਸੰਕਲਪ ਦੀ ਪੁਸ਼ਟੀ ਕਰਨ ਦਾ ਸਮਾਂ ਹੈ।’’ -ਪੀਟੀਆਈ
