ਭਾਰਤ ਨੇ ਰੂਸੀ ਤੇਲ ਦੀ ਖਰੀਦ ਘਟਾਈ: ਵ੍ਹਾਈਟ ਹਾਊਸ
ਭਾਰਤ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਪੀਲ ’ਤੇ ਰੂਸ ਤੋਂ ਤੇਲ ਖਰੀਦਣਾ ਘਟਾ ਦਿੱਤਾ ਹੈ। ਇਸ ਦਾ ਦਾਅਵਾ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੈਵਿਟ ਨੇ ਕੀਤਾ। ਅਮਰੀਕਾ ਵੱਲੋਂ ਰੂਸ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ ਰੋਸਨੈਫਟ ਅਤੇ ਲੁਕਆਇਲ ’ਤੇ ਲਾਈਆਂ ਗਈਆਂ ਪਾਬੰਦੀਆਂ ਬਾਰੇ ਲੈਵਿਟ ਨੇ ਕਿਹਾ, ‘‘ਜੇ ਤੁਸੀਂ ਰੂਸ ’ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਦੇਖੋ ਤਾਂ ਉਹ ਕਾਫੀ ਸਖ਼ਤ ਹਨ। ਮੈਂ ਕੁਝ ਕੌਮਾਂਤਰੀ ਰਿਪੋਰਟਾਂ ਦੇਖੀਆਂ ਹਨ ਜਿਨ੍ਹਾਂ ’ਚ ਆਖਿਆ ਗਿਆ ਹੈ ਕਿ ਚੀਨ, ਰੂਸ ਤੋਂ ਤੇਲ ਦੀ ਖਰੀਦ ਘਟਾ ਰਿਹਾ ਹੈ। ਸਾਨੂੰ ਪਤਾ ਹੈ ਕਿ ਭਾਰਤ ਨੇ ਵੀ ਰਾਸ਼ਟਰਪਤੀ ਦੀ ਅਪੀਲ ’ਤੇ ਇੰਝ ਕੀਤਾ ਹੈ।’’ ਉਨ੍ਹਾਂ ਦੱਸਿਆ ਕਿ ਅਮਰੀਕਾ ਨੇ ਆਪਣੇ ਯੂਰੋਪੀਅਨ ਭਾਈਵਾਲਾਂ ਨੂੰ ਵੀ ਰੂਸੀ ਤੇਲ ਦੀ ਦਰਾਮਦਗੀ ਘਟਾਉਣ ਦੀ ਅਪੀਲ ਕੀਤੀ ਹੈ। ਅਮਰੀਕੀ ਪ੍ਰਸ਼ਾਸਨ ਪਿਛਲੇ ਕੁਝ ਦਿਨਾਂ ਤੋਂ ਦਾਅਵਾ ਕਰ ਰਿਹਾ ਹੈ ਕਿ ਭਾਰਤ ਨੇ ਰੂਸ ਤੋਂ ਤੇਲ ਦਰਾਮਦ ’ਚ ਵੱਡੇ ਪੱਧਰ ’ਤੇ ਕਟੌਤੀ ਕਰਨ ਦਾ ਭਰੋਸਾ ਦਿੱਤਾ ਹੈ। ਉਂਝ ਭਾਰਤ ਦਾ ਦਾਅਵਾ ਹੈ ਕਿ ਉਸ ਦੀ ਊਰਜਾ ਨੀਤੀ ਕੌਮੀ ਹਿੱਤਾਂ ’ਤੇ ਆਧਾਰਿਤ ਹੈ।
