ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੇ ਰਾਹ: ਮੋਦੀ

ਟਰੰਪ ਨੇ ਕਿਹਾ ਸੀ ਭਾਰਤ ਨੂੰ ਬੇਜਾਨ ਆਰਥਿਕਤਾ; ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਿੱਚ ਬਣੀਆਂ ਵਸਤਾਂ ਦੀ ਖ਼ਰੀਦ ’ਤੇ ਜ਼ੋਰ; ਲਖਨਊ ’ਚ ਬ੍ਰਹਮੋਸ ਮਿਜ਼ਾਈਲਾਂ ਬਣਾਉਣ ਲਈ ਰਾਹ ਪੱਧਰਾ
ਵਾਰਾਨਸੀ ਵਿੱਚ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਵਾਰਾਨਸੀ ਦੌਰੇ ਮੌਕੇ ਪਿੰਡ ਬਨੌਲੀ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੇ ਰਾਹ ’ਤੇ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਮੌਜੂਦਾ ਸਮੇਂ ਵਿਸ਼ਵ ਅਰਥਚਾਰੇ ਨੂੰ ਦਰਪੇਸ਼ ਅਸਥਿਰਤਾ ਅਤੇ ਬੇਭਰੋਸਗੀ ਦੇ ਮਾਹੌਲ ’ਚ ਆਪਣੀਆਂ ਆਰਥਿਕ ਲੋੜਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਸ੍ਰੀ ਮੋਦੀ ਦੀ ਇਹ ਟਿੱਪਣੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੁਝ ਦਿਨ ਪਹਿਲਾਂ ਭਾਰਤ ਤੋਂ ਅਮਰੀਕਾ ’ਚ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ 25 ਫ਼ੀਸਦੀ ਜੁਆਬੀ ਟੈਕਸ ਲਾਉਣ ਤੇ ਰੂਸ ਤੋਂ ਫ਼ੌਜੀ ਸਾਜ਼ੋ-ਸਾਮਾਨ ਤੇ ਕੱਚਾ ਤੇਲ ਖ਼ਰੀਦਣ ’ਤੇ ‘ਜੁਰਮਾਨਾ’ ਲਾਉਣ ਦੇ ਸੰਕੇਤ ਮਗਰੋਂ ਭਾਰਤ ਨੂੰ ‘ਬੇਜਾਨ ਅਰਥਚਾਰਾ’ ਆਖਣ ਮਗਰੋਂ ਆਈ ਹੈ।

ਇੱਥੇ ਵਾਰਾਨਸੀ ’ਚ ਜਨਤਕ ਰੈਲੀ ਮੌਕੇ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ‘ਸਵਦੇਸ਼ੀ’ ਵਸਤਾਂ ਦੀ ਖ਼ਰੀਦ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇ ਅਸੀਂ ਭਾਰਤ ਨੂੰ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਾਉਣਾ ਚਾਹੁੰਦੇ ਹਾਂ ਤਾਂ ਹਰ ਪਾਰਟੀ, ਆਗੂ ਤੇ ਨਾਗਰਿਕ ਨੂੰ ਘਰੇਲੂ ਵਸਤਾਂ ਦੀ ਖ਼ਰੀਦ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਾਰੋਬਾਰੀਆਂ ਤੇ ਦੁਕਾਨਦਾਰਾਂ ਨੂੰ ਖ਼ਾਸ ਅਪੀਲ ਕਰਦਿਆਂ ਕਿਹਾ ਕਿ ਉਹ ਦੁਕਾਨਾਂ ਤੇ ਬਾਜ਼ਾਰਾਂ ’ਚ ਸਿਰਫ਼ ਸਵਦੇਸ਼ੀ ਵਸਤਾਂ ਵੇਚਣ ਦੀ ਸਹੁੰ ਚੁੱਕਣ। ਉਨ੍ਹਾਂ ਲੋਕਾਂ ਨੂੰ ਜਾਗਰੂਕ ਉੁਪਭੋਗਤਾ ਬਣਨ ਲਈ ਪ੍ਰੇਰਿਤ ਕੀਤਾ। ਸ੍ਰੀ ਮੋਦੀ ਨੇ ਕੇਂਦਰ ਵੱਲੋਂ ਬਣਾਈਆਂ ਕਿਸਾਨ ਪੱਖੀ ਨੀਤੀਆਂ ਦਾ ਵੀ ਜ਼ਿਕਰ ਕੀਤਾ।

Advertisement

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਦਹਿਸ਼ਤਵਾਦ ਖ਼ਿਲਾਫ਼ ਭਾਰਤ ਦੇ ਸਖ਼ਤ ਸਟੈਂਡ ਨੂੰ ਦਰਸਾਉਣ ਲਈ ਭਗਵਾਨ ਸ਼ਿਵ ਦੇ ਰੁਦਰ ਰੂਪ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਨੇ ਵਿਸ਼ਵ ਨੂੰ ਮੁਲਕ ਦੀ ਤਾਕਤ ਬਾਰੇ ਦੱਸ ਦਿੱਤਾ ਹੈ। ਉਨ੍ਹਾਂ ਕਾਂਗਰਸ ’ਤੇ ਸੁਰੱਖਿਆ ਬਲਾਂ ਦੀ ਬਹਾਦਰੀ ਦਾ ਅਪਮਾਨ ਕਰਨ ਤੇ ਇੱਥੋਂ ਤੱਕ ਕਿ ‘ਅਪਰੇਸ਼ਨ ਸਿੰਧੂਰ’ ਨੂੰ ‘ਤਮਾਸ਼ਾ’ ਕਹਿਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ, ‘ਉਨ੍ਹਾਂ ਸਾਡੀਆਂ ਭੈਣਾਂ ਦੇ ਪਵਿੱਤਰ ਪ੍ਰਤੀਕ ਤੇ ਫ਼ੌਜੀਆਂ ਦੀ ਬਹਾਦਰੀ ਦਾ ਅਪਮਾਨ ਕੀਤਾ ਹੈ। ਪਹਿਲਗਾਮ ਦਹਿਸ਼ਤੀ ਹਮਲੇ ਵਿੱਚ ਜਾਨ ਗੁਆਉਣ ਵਾਲੇ 26 ਜਣਿਆਂ ਪ੍ਰਤੀ ਮੇਰੇ ਦਿਲ ’ਚ ਕਾਫ਼ੀ ਦੁੱਖ ਸੀ...ਮਹਾਦੇਵ ਦੇ ਆਸ਼ੀਰਵਾਦ ਨਾਲ ਸਾਡੀਆਂ ਧੀਆਂ ਦੇ ਸਿੰਧੂਰ ਦਾ ਬਦਲਾ ਲੈਣ ਦਾ ਮੇਰਾ ਵਾਅਦਾ ਪੂਰਾ ਹੋਇਆ ਹੈ।’ ਉਨ੍ਹਾਂ ਕਿਹਾ ਕਿ 140 ਕਰੋੜ ਮੁਲਕ ਵਾਸੀਆਂ ਦੀ ਏਕਤਾ ‘ਅਪਰੇਸ਼ਨ ਸਿੰਧੂਰ’ ਦੀ ਤਾਕਤ ਬਣੀ।

ਇਸ ਦੌਰਾਨ ਵਿਰੋਧੀਆਂ ’ਤੇ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ ‘ਕਾਂਗਰਸ ਤੇ ਭਾਈਵਾਲ ਪਾਰਟੀਆਂ ਇਸ ਸੱਚ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਭਾਰਤ ਨੇ ਪਾਕਿਸਤਾਨ ’ਚ ਸਥਿਤ ਦਹਿਸ਼ਤੀ ਟਿਕਾਣਿਆਂ ਨੂੰ ਨੇਸਤੋ-ਨਾਬੂਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਾਕਿਸਤਾਨ ਦਾ ਗੁੱਸਾ ਸਮਝ ਆਉਂਦਾ ਹੈ, ਉੱਥੇ ਇਹ ਗੱਲ ਵੀ ਹੈਰਾਨ ਕਰਨ ਵਾਲੀ ਹੈ ਕਿ ਕਾਂਗਰਸ ਤੇ ‘ਸਪਾ’ ਆਗੂ ਵੀ ਇਸ ਸੱਚ ਨੂੰ ਖਪਾ ਨਹੀਂ ਪਾ ਰਹੇ। ਸ੍ਰੀ ਮੋਦੀ ਨੇ ‘ਸਪਾ’ ਵੱਲੋਂ ‘ਅਪਰੇਸ਼ਨ ਮਹਾਦੇਵ’ ਨੂੰ ਅੰਜਾਮ ਦੇਣ ਦੇ ਸਮੇਂ ਸਬੰਧੀ ਚੁੱਕੇ ਸੁਆਲ ’ਤੇ ਵੀ ਨਿਸ਼ਾਨਾ ਸੇਧਿਆ, ਜਿਸ ਵਿੱਚ ਤਿੰਨ ਅਤਿਵਾਦੀ ਮਾਰੇ ਗਏ ਸਨ।

ਉਨ੍ਹਾਂ ‘ਅਪਰੇਸ਼ਨ ਸਿੰਧੂਰ’ ਦੌਰਾਨ ਵਰਤੋਂ ’ਚ ਲਿਆਂਦੀਆਂ ਗਈਆਂ ਭਾਰਤ ਦੀਆਂ ਘਰੇਲੂ ਰੱਖਿਆ ਮਿਜ਼ਾਈਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਲਦੀ ਹੀ ਲਖਨਊ ਵਿੱਚ ਬ੍ਰਹਮੋਜ਼ ਮਿਜ਼ਾਈਲਾਂ ਬਣਾਈਆਂ ਜਾਣਗੀਆਂ।

 

ਵਾਰਾਨਸੀ ’ਚ 2,000 ਕਰੋੜ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ

ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਪ੍ਰਧਾ ਮੰਤਰੀ ਸ੍ਰੀ ਮੋਦੀ ਨੇ ਕਿਹਾ, ‘ਜੇਕਰ ਪਾਕਿਸਤਾਨ ਮੁੜ ਗਲਤੀਆਂ ਕਰਦਾ ਹੈ ਤਾਂ ਯੂਪੀ ਵਿੱਚ ਬਣੀਆਂ ਮਿਜ਼ਾਈਲਾਂ ਦਹਿਸ਼ਤਗਰਦਾਂ ਦਾ ਖਾਤਮਾ ਕਰ ਦੇਣਗੀਆਂ।’ ਇਸ ਦੌਰਾਨ ਸ੍ਰੀ ਮੋਦੀ ਨੇ ਲਗਪਗ 2,000 ਕਰੋੜ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਤੋਂ ਇਲਾਵਾ ਕਈਆਂ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਉਨ੍ਹਾਂ ਮੁਲਕ ਦੇ 9.70 ਕਰੋੜ ਲਾਭਪਾਤਰੀ ਕਿਸਾਨਾਂ ਨੂੰ ‘ਪੀਐੱਮ ਕਿਸਾਨ ਸਨਮਾਨ ਨਿਧੀ’ ਦੇ 20,500 ਕਰੋੜ ਰੁਪਏ ਦੀ 20ਵੀਂ ਕਿਸ਼ਤ ਵੀ ਵੰਡੀ।

Advertisement