ਰੂਸੀ ਤੇਲ ’ਤੇ ਪਾਬੰਦੀ ਦੇ ਖ਼ਦਸ਼ੇ ਤੋਂ ਫ਼ਿਕਰਮੰਦ ਨਹੀਂ ਭਾਰਤ: ਪੁਰੀ
ਭਾਰਤ ਨੇ ਰੂਸ ਤੋਂ ਕੱਚੇ ਤੇਲ ਦੀ ਸਪਲਾਈ ’ਤੇ ਅਮਰੀਕੀ ਪਾਬੰਦੀ ਲੱਗਣ ਦੇ ਖ਼ਦਸ਼ੇ ਨੂੰ ਬਹੁਤੀ ਅਹਿਮੀਅਤ ਨਾ ਦਿੰਦਿਆਂ ਅੱਜ ਕਿਹਾ ਕਿ ਉਸ ਨੂੰ ਆਪਣੀਆਂ ਤੇਲ ਦਰਾਮਦ ਦੀਆਂ ਲੋੜਾਂ ਬਦਲਵੇਂ ਸਰੋਤਾਂ ਤੋਂ ਪੂਰੀਆਂ ਕਰਨ ਦਾ ਪੂਰਾ ਭਰੋਸਾ ਹੈ।
ਪੈਟਰੋਲੀਅਮ ਤੇ ਕੁਦਰਤੀ ਗੈਸ ਸਪਲਾਈ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਭਾਰਤ, ਰੂਸ ਤੋਂ ਤੇਲ ਸਪਲਾਈ ’ਚ ਕਿਸੇ ਵੀ ਅੜਿੱਕੇ ਨਾਲ ਨਜਿੱਠਣ ਲਈ ਹੋਰ ਮੁਲਕਾਂ ਤੋਂ ਤੇਲ ਖ਼ਰੀਦ ਸਕਦਾ ਹੈ।
ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸੇ ਹਫ਼ਤੇ ਧਮਕੀ ਦਿੱਤੀ ਹੈ ਕਿ ਜੇਕਰ ਰੂਸ 50 ਦਿਨਾਂ ਵਿੱਚ ਯੂਕਰੇਨ ਨਾਲ ਸ਼ਾਂਤੀ ਸਮਝੌਤੇ ਤੱਕ ਨਹੀਂ ਪਹੁੰਚਦਾ ਤਾਂ ਰੂਸ ਤੋਂ ਦਰਾਮਦ ਕਰਨ ਵਾਲੇ ਮੁਲਕਾਂ ’ਤੇ ਪਾਬੰਦੀਆਂ ਜਾਂ ਜ਼ਿਆਦਾ ਟੈਕਸ ਲਾਇਆ ਜਾ ਸਕਦਾ ਹੈ।
ਪੁਰੀ ਨੇ ਰੂਸ ’ਤੇ ਸੰਭਾਵੀ ਅਮਰੀਕੀ ਪਾਬੰਦੀਆਂ ਦੇ ਅਸਰ ਸਬੰਧੀ ਸਵਾਲ ’ਤੇ ਕਿਹਾ, ‘‘ਮੇਰੇ ਮਨ ’ਚ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ। ਭਾਰਤ ਦੇ ਤੇਲ ਸਪਲਾਈ ਸਰੋਤਾਂ ’ਚ ਹੁਣ ਵਿਭਿੰਨਤਾ ਆ ਚੁੱਕੀ ਹੈ। ਅਸੀਂ ਪਹਿਲਾਂ 27 ਦੇਸ਼ਾਂ ਤੋਂ ਤੇਲ ਖਰੀਦਦੇ ਸੀ ਅਤੇ ਹੁਣ ਇਹ ਗਿਣਤੀ ਲਗਪਗ 40 ਹੋ ਗਈ ਹੈ।’’
ਉਨ੍ਹਾਂ ਨੇ ਡਾਇਰੈਕਟੋਰੇਟ ਜਨਰਲ ਆਫ ਹਾਈਡ੍ਰੋਕਾਰਬਨ (ਡੀਜੀਐੱਚ) ਵੱਲੋਂ ਕਰਵਾਏ ਸਾਲਾਨਾ ਸੰਮੇਲਨ ‘ਊਰਜਾ ਵਾਰਤਾ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਰਕੀਟ ’ਚ ਬਹੁਤ ਸਾਰੇ ਸਪਲਾਇਰ ਹਨ ਤੇ ਰੂਸ ਤੋਂ ਇਲਾਵਾ ਗੁਆਨਾ, ਬ੍ਰਾਜ਼ੀਲ ਤੇ ਕੈਨੇਡਾ ਵਰਗੇ ਮੁਲਕਾਂ ਤੋਂ ਕੱਚੇ ਤੇਲ ਦੀ ਸਪਲਾਈ ਵਧਾਈ ਜਾ ਸਕਦੀ ਹੈ।