ਯੂਕਰੇਨ ਸੰਕਟ ਲਈ ਭਾਰਤ ਜ਼ਿੰਮੇਵਾਰ ਨਹੀਂ: ਅਮਰੀਕੀ ਯਹੂਦੀ ਕਮੇਟੀ
ਅਮਰੀਕਾ ਦੇ ਯਹੂਦੀਆਂ ਦੀ ਵਕਾਲਤ ਕਰਨ ਵਾਲੀ ਕਮੇਟੀ ਨੇ ਰੂਸ ਤੋਂ ਤੇਲ ਖ਼ਰੀਦਣ ਸਬੰਧੀ ਭਾਰਤ ਦੀ ਆਲੋਚਨਾ ਕਰਨ ’ਤੇ ਅਮਰੀਕੀ ਅਧਿਕਾਰੀਆਂ ਨੂੰ ਘੇਰਦਿਆਂ ਕਿਹਾ ਕਿ ਰੂਸ-ਯੂਕਰੇਨ ਸੰਕਟ ਲਈ ਭਾਰਤ ਜ਼ਿੰਮੇਵਾਰ ਨਹੀਂ ਹੈ। ਸਮੂਹ ਨੇ ਅਮਰੀਕਾ-ਭਾਰਤ ਸਬੰਧਾਂ ਨੂੰ ਬਿਹਤਰ ਬਣਾਉਣ ਦਾ ਸੱਦਾ ਦਿੱਤਾ। ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਰੂਸ ਤੋਂ ਤੇਲ ਖ਼ਰੀਦਣ ਕਾਰਨ ਭਾਰਤ ਦੀ ਆਲੋਚਨਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤੇਲ ਤੋਂ ਕਮਾਏ ਪੈਸੇ ਨਾਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਯੂਕਰੇਨ ਖ਼ਿਲਾਫ਼ ਜੰਗ ਜਾਰੀ ਰੱਖਣ ਵਿੱਚ ਮਦਦ ਮਿਲ ਰਹੀ ਹੈ। ਅਮਰੀਕਨ ਯਿਊਸ਼ ਕਮੇਟੀ (ਏ ਜੇ ਸੀ) ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ’ਤੇ ਟਿੱਪਣੀ ਕੀਤੀ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਰੂਸ-ਯੂਕਰੇਨ ਸੰਕਟ ਨੂੰ ‘ਮੋਦੀ ਦੀ ਜੰਗ’ ਕਰਾਰ ਦਿੰਦਿਆਂ ਕਿਹਾ ਸੀ ਕਿ ਸ਼ਾਂਤੀ ਦਾ ਰਾਹ ਅੰਸ਼ਕ ਤੌਰ ’ਤੇ ਨਵੀਂ ਦਿੱਲੀ ਵਿੱਚੋਂ ਹੋ ਕੇ ਲੰਘਦਾ ਹੈ। ਏ ਜੇ ਸੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਵਿੱਚ ਕਿਹਾ ਕਿ ਉਹ ਅਮਰੀਕੀ ਅਧਿਕਾਰੀਆਂ ਵੱਲੋਂ ਭਾਰਤ ’ਤੇ ਕੀਤੇ ਜ਼ੁਬਾਨੀ ਹਮਲਿਆਂ ਤੋਂ ਬਹੁਤ ਹੈਰਾਨ ਅਤੇ ਚਿੰਤਤ ਹਨ। ਕਮੇਟੀ ਨੇ ਨਵਾਰੋ ਦੀਆਂ ਟਿੱਪਣੀ ਨੂੰ ‘ਅਪਮਾਨਜਨਕ ਦੋਸ਼’ ਕਰਾਰ ਦਿੱਤਾ। ਪੋਸਟ ਵਿੱਚ ਕਿਹਾ ਗਿਆ, ‘‘ਸਾਨੂੰ ਊਰਜਾ ਲਈ ਲੋੜਵੰਦ ਭਾਰਤ ਦੀ ਰੂਸੀ ਤੇਲ ’ਤੇ ਨਿਰਭਰਤਾ ਦਾ ਅਫ਼ਸੋਸ ਹੈ ਪਰ ਭਾਰਤ ਪੂਤਿਨ ਦੇ ਜੰਗੀ ਅਪਰਾਧਾਂ ਲਈ ਜ਼ਿੰਮੇਵਾਰ ਨਹੀਂ ਹੈ, ਇਹ ਅਮਰੀਕਾ ਦਾ ਅਹਿਮ ਰਣਨੀਤਕ ਭਾਈਵਾਲ ਹੈ।’’