ਭਾਰਤ, ਜਾਪਾਨ ਦੀ ਭਾਈਵਾਲੀ ਰਣਨੀਤਕ ਅਤੇ ਸਮਾਰਟ ਹੈ: ਮੋਦੀ
ਟੋਕੀਓ ਵਿੱਚ ਇੰਡੀਆ-ਜਾਪਾਨ ਬਿਜ਼ਨਸ ਫੋਰਮ ਵਿੱਚ ਕਾਰੋਬਾਰੀ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਮੈਟਰੋ ਪ੍ਰੋਜੈਕਟਾਂ, ਸੈਮੀਕੰਡਕਟਰਾਂ, ਨਿਰਮਾਣ ਅਤੇ ਸਟਾਰਟ-ਅੱਪਸ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਵੇਖਦੇ ਹੋਏ ਜਾਪਾਨ ਹਮੇਸ਼ਾ ਭਾਰਤ ਦੇ ਵਿਕਾਸ ਸਫ਼ਰ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਰਿਹਾ ਹੈ।
ਉਨ੍ਹਾਂ ਕਿਹਾ, ‘‘ਜਾਪਾਨੀ ਕੰਪਨੀਆਂ ਨੇ ਭਾਰਤ ਵਿੱਚ 40 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਸਿਰਫ ਪਿਛਲੇ ਦੋ ਸਾਲਾਂ ਵਿੱਚ 13 ਬਿਲੀਅਨ ਡਾਲਰ ਦਾ ਨਿੱਜੀ ਨਿਵੇਸ਼ ਆਇਆ ਹੈ। ਭਾਰਤ ਵਿੱਚ ਪੂੰਜੀ ਸਿਰਫ ਵਧਦੀ ਨਹੀਂ, ਬਲਕਿ ਕਈ ਗੁਣਾ ਵਧਦੀ ਹੈ।’’
ਪ੍ਰਧਾਨ ਮੰਤਰੀ ਨੇ ਪਿਛਲੇ 11 ਸਾਲਾਂ ਵਿੱਚ ਭਾਰਤ ਦੇ ਪਰਿਵਰਤਨ ’ਤੇ ਜ਼ੋਰ ਦਿੱਤਾ। ਉਨ੍ਹਾਂ ਸਿਆਸੀ ਅਤੇ ਆਰਥਿਕ ਸਥਿਰਤਾ, ਨੀਤੀਆਂ ਵਿੱਚ ਪਾਰਦਰਸ਼ਤਾ ਅਤੇ ਨਿਵੇਸ਼ਕਾਂ ਲਈ ਭਵਿੱਖਬਾਣੀਯੋਗਤਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ 700 ਬਿਲੀਅਨ ਡਾਲਰ ਦੇ ਮਜ਼ਬੂਤ ਵਿਦੇਸ਼ੀ ਮੁਦਰਾ ਭੰਡਾਰ, ਘੱਟ ਮਹਿੰਗਾਈ ਅਤੇ ਮਜ਼ਬੂਤ ਪੂੰਜੀ ਬਾਜ਼ਾਰਾਂ ਨੂੰ ਉਜਾਗਰ ਕਰਦਿਆਂ ਕਿਹਾ, "ਅੱਜ, ਭਾਰਤ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਹੈ ਅਤੇ ਜਲਦੀ ਹੀ ਇਹ ਤੀਜੀ ਸਭ ਤੋਂ ਵੱਡੀ ਅਰਥਚਾਰਾ ਬਨਣ ਜਾ ਰਿਹਾ ਹੈ। ਭਾਰਤ ਵਿਸ਼ਵ ਵਿਕਾਸ ਵਿੱਚ 18 ਫੀਸਦੀ ਦਾ ਯੋਗਦਾਨ ਪਾ ਰਿਹਾ ਹੈ।"
ਮੋਦੀ ਨੇ ਕਿਹਾ ਕਿ ਸਰਕਾਰ ਦੇ “ਸੁਧਾਰ ਕਰੋ, ਪ੍ਰਦਰਸ਼ਨ ਕਰੋ ਅਤੇ ਬਦਲੋ” ਦੀ ਪਹੁੰਚ ਨੇ ਨਤੀਜੇ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਰੱਖਿਆ, ਪੁਲਾੜ ਅਤੇ ਪ੍ਰਮਾਣੂ ਊਰਜਾ ਵਰਗੇ ਸੰਵੇਦਨਸ਼ੀਲ ਖੇਤਰਾਂ ਨੂੰ ਨਿੱਜੀ ਭਾਗੀਦਾਰੀ ਲਈ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਟਿੱਪਣੀ ਕੀਤੀ, "ਦੁਨੀਆ ਸਿਰਫ ਭਾਰਤ ਨੂੰ ਦੇਖ ਨਹੀਂ ਰਹੀ, ਬਲਕਿ ਭਾਰਤ 'ਤੇ ਭਰੋਸਾ ਵੀ ਕਰ ਰਹੀ ਹੈ।"