ਸੰਵਿਧਾਨ ਕਾਰਨ ਭਾਰਤ ਮਜ਼ਬੂਤ ਤੇ ਇਕਜੁੱਟ: ਜਸਟਿਸ ਗਵਈ
ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਅਦਾਲਤ ਦੀ ਇਮਾਰਤ ਦਾ ਉਦਘਾਟਨ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਅਦਾਲਤ ਦੀ ਇਮਾਰਤ ਦਾ ਉਦਘਾਟਨ ਕਰਦੇ ਹੋਏ ਚੀਫ ਜਸਟਿਸ ਬੀ ਆਰ ਗਵਈ। -ਫੋਟੋ: ਏਐੱਨਆਈ
Advertisement
ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈ ਨੇ ਅੱਜ ਕਿਹਾ ਕਿ ਸੰਵਿਧਾਨ ਨੇ ਇਹ ਯਕੀਨੀ ਬਣਾਇਆ ਹੈ ਕਿ ਦੇਸ਼ ਮਜ਼ਬੂਤ ਤੇ ਇਕਜੁੱਟ ਰਹੇ ਜਦਕਿ ਗੁਆਂਢੀ ਮੁਲਕ ਬਦਅਮਨੀ ਤੇ ਉਥਲ-ਪੁਥਲ ਦਾ ਸਾਹਮਣਾ ਕਰ ਰਹੇ ਹਨ। ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਦੀ ਮੰਡਨਗੜ੍ਹ ਤਾਲੁਕਾ ’ਚ ਇੱਕ ਅਦਾਲਤ ਦੀ ਇਮਾਰਤ ਦਾ ਉਦਘਾਟਨ ਕਰਨ ਤੋਂ ਬਾਅਦ ਚੀਫ ਜਸਟਿਸ ਨੇ ਇਸ ਗੱਲ ’ਤੇ ਖੁਸ਼ੀ ਜ਼ਾਹਿਰ ਕੀਤੀ ਕਿ ਇਹ ਇਮਾਰਤ ਉਸ ਖਿੱਤੇ ’ਚ ਬਣੀ ਹੈ ਜਿਸ ਵਿੱਚ ਸੰਵਿਧਾਨ ਦੇ ਮੁੱਖ ਨਿਰਮਾਤਾ ਤੇ ਮਹਾਨ ਸਮਾਜ ਸੁਧਾਰਕ ਬਾਬਾ ਸਾਹਿਬ ਅੰਬੇਡਕਰ ਦਾ ਜੱਦੀ ਪਿੰਡ ਅੰਬਾਵਦੇ ਵੀ ਸ਼ਾਮਲ ਹੈ।ਚੀਫ ਜਸਟਿਸ ਗਵਈ ਨੇ ਕਿਹਾ, ‘ਜੰਗ ਤੇ ਅਮਨ, ਦੋਵਾਂ ਹੀ ਸਥਿਤੀਆਂ ’ਚ ਦੇਸ਼ ਇਕਜੁੱਟ ਰਿਹਾ ਹੈ ਅਤੇ ਵਿਕਾਸ ਦੇ ਰਾਹ ’ਤੇ ਅੱਗੇ ਵਧਦਾ ਰਿਹਾ ਹੈ। ਅਸੀਂ ਅੰਦਰੂਨੀ ਐਮਰਜੈਂਸੀ ਵੀ ਦੇਖੀ ਹੈ ਪਰ ਅਸੀਂ ਇਕਜੁੱਟ ਤੇ ਮਜ਼ਬੂਤ ਰਹੇ ਹਾਂ। ਇਹ ਡਾ. ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਕਾਰਨ ਹੈ ਜੋ ਸਾਨੂੰ ਗੁਆਂਢੀ ਮੁਲਕਾਂ ਨਾਲੋਂ ਵੱਖ ਕਰਦਾ ਹੈ ਜਿੱਥੇ ਬਦਅਮਨੀ ਦਾ ਮਾਹੌਲ ਹੈ।’ ਜ਼ਿਕਰਯੋਗ ਹੈ ਕਿ ਸ੍ਰੀਲੰਕਾ, ਬੰਗਲਾਦੇਸ਼ ਤੇ ਹਾਲ ਹੀ ਵਿੱਚ ਨੇਪਾਲ ’ਚ ਬਦਅਮਨੀ ਕਾਰਨ ਸਰਕਾਰਾਂ ਬਦਲੀਆਂ ਹਨ ਅਤੇ ਨਾਲ ਹੀ ਦੰਗਿਆਂ ਤੇ ਅੱਗਜ਼ਨੀ ਕਾਰਨ ਨਾਗਰਿਕਾਂ ਨੂੰ ਵੱਡੇ ਪੱਧਰ ’ਤੇ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਹਨ।
ਉਨ੍ਹਾਂ ਕਿਹਾ, ‘ਪਿਛਲੇ 22 ਸਾਲਾਂ ’ਚ ਇੱਕ ਜੱਜ ਵਜੋਂ ਮੈਂ ਨਿਆਂ ਦੇ ਵਿਕੇਂਦਰੀਕਰਨ ਲਈ ਆਵਾਜ਼ ਚੁੱਕੀ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਕਈ ਨਿਆਂਇਕ ਬੁਨਿਆਦੀ ਢਾਂਚਾ ਪ੍ਰਾਜੈਕਟ ਪੂਰੇ ਹੋਣ। ਮੈਨੂੰ ਸਭ ਤੋਂ ਵੱਧ ਤਸੱਲੀ ਸੰਤੋਸ਼ ਕੋਲ੍ਹਾਪੁਰ ਸਰਕਿਟ ਬੈਂਚ (ਬੰਬੇ ਹਾਈ ਕੋਰਟ) ਅਤੇ ਮੰਡਨਗੜ੍ਹ ਦੀ ਅਦਾਲਤੀ ਇਮਾਰਤ ਦੇਖ ਕੇ ਹੋਈ ਹੈ ਜੋ ਦੋ ਸਾਲਾਂ ਅੰਦਰ ਬਣ ਕੇ ਤਿਆਰ ਹੋਈ ਹੈ।’
Advertisement
Advertisement