ਕੁਦਰਤੀ ਖੇਤੀ ’ਚ ਆਲਮੀ ਕੇਂਦਰ ਬਣ ਰਿਹੈ ਭਾਰਤ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਕੁਦਰਤੀ ਖੇਤੀ ਦਾ ਆਲਮੀ ਕੇਂਦਰ ਬਣਨ ਦੇ ਰਾਹ ’ਤੇ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੀਤੇ 11 ਸਾਲਾਂ ’ਚ ਦੇਸ਼ ਅੰਦਰ ਖੇਤੀਬਾੜੀ ਸੈਕਟਰ ’ਚ ਕਈ ਵੱਡੇ ਬਦਲਾਅ ਹੋਏ ਹਨ ਅਤੇ ਖੇਤੀ ਬਰਾਮਦ ਲਗਭਗ ਦੁੱਗਣੀ ਹੋ ਗਈ ਹੈ।
ਬਿਹਾਰ ’ਚ ਐੱਨ ਡੀ ਏ ਦੀ ਜ਼ੋਰਦਾਰ ਜਿੱਤ ਮਗਰੋਂ ਇਥੇ ਪੁੱਜੇ ਸ੍ਰੀ ਮੋਦੀ ਨੇ ਲੋਕਾਂ ਵੱਲੋਂ ‘ਗਮਛਾ’ ਲਹਿਰਾਉਣ ’ਤੇ ਟਿੱਪਣੀ ਕੀਤੀ ਕਿ ਇੰਜ ਜਾਪਦਾ ਹੈ ਕਿ ਬਿਹਾਰ ਦੀ ਹਵਾ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਤਾਮਿਲਨਾਡੂ ਪਹੁੰਚ ਗਈ ਹੈ। ਤਾਮਿਲਨਾਡੂ ’ਚ ਅਗਲੇ ਵਰ੍ਹੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਅੰਨਾ ਡੀ ਐੱਮ ਕੇ ਦੀ ਅਗਵਾਈ ਹੇਠ ਐੱਨ ਡੀ ਏ ਹੁਕਮਰਾਨ ਡੀ ਐੱਮ ਕੇ ਗੱਠਜੋੜ ਨੂੰ ਚੁਣੌਤੀ ਦੇਵੇਗਾ। ਇਸ ਮੌਕੇ ਉਨ੍ਹਾਂ ਪੀਐੱਮ-ਕਿਸਾਨ ਸੰਮਾਨ ਨਿਧੀ ਦੀ 21ਵੀਂ ਕਿਸ਼ਤ ਵੀ ਜਾਰੀ ਕੀਤੀ। ਇਸ ਨਾਲ 9 ਕਰੋੜ ਲਾਭਪਾਤਰੀਆਂ ਦੇ ਬੈਂਕ ਖਾਤਿਆਂ ’ਚ 18 ਹਜ਼ਾਰ ਕਰੋੜ ਤੋਂ ਵਧ ਦੀ ਰਕਮ ਸਿੱਧੇ ਤਬਦੀਲ ਹੋਵੇਗੀ।
ਕੁਦਰਤੀ ਖੇਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਫਸਲਾਂ ’ਤੇ ਖਾਦਾਂ ਤੇ ਕੀਟਨਾਸ਼ਕਾਂ ਦੀ ਹੱਦੋਂ ਵਧ ਵਰਤੋਂ ਕਾਰਨ ਖੇਤੀ ਲਾਗਤ ਵਧ ਗਈ ਹੈ ਅਤੇ ਇਸ ਦਾ ਇਕੋ ਇਕ ਹੱਲ ਫਸਲੀ ਵਿਭਿੰਨਤਾ ਅਤੇ ਕੁਦਰਤੀ ਖੇਤੀ ਹੈ। ਕੁਦਰਤੀ ਖੇਤੀ ਦੀ ‘ਇਕ ਏਕੜ, ਇਕ ਸੀਜ਼ਨ’ ਯੋਜਨਾ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਕਾਰਨ ਜਲਵਾਯੂ ਬਦਲਾਅ ਨਾਲ ਸਿੱਝਣ ’ਚ ਵੀ ਸਹਾਇਤਾ ਮਿਲੇਗੀ ਅਤੇ ਫਸਲਾਂ ਤੇ ਜ਼ਮੀਨ ਦੀ ਪੌਸ਼ਟਿਕਤਾ ਵੀ ਵਧੇਗੀ। ਇਸ ਦੌਰਾਨ ਉਨ੍ਹਾਂ ਦੋ ਵਿਦਿਆਰਥਣਾਂ ਵੱਲੋਂ ਲਹਿਰਾਈਆਂ ਜਾ ਰਹੀਆਂ ਤਖ਼ਤੀਆਂ ਮੰਗਵਾਈਆਂ ਜਿਨ੍ਹਾਂ ’ਤੇ ਆਰਥਿਕ ਨੁਹਾਰ ਬਦਲਣ ਦੇ ਨਜ਼ਰੀਏ ਦੀ ਸ਼ਲਾਘਾ ਵਾਲੇ ਨਾਅਰੇ ਲਿਖੇ ਹੋਏ ਸਨ।
ਸੱਤਿਆ ਸਾਈ ਬਾਬਾ ਅੱਗੇ ਨਤਮਸਤਕ
ਪੁੱਟਾਪਰਥੀ (ਆਂਧਰਾ ਪ੍ਰਦੇਸ਼): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਰਹੂਮ ਅਧਿਆਤਮਕ ਗੁਰੂ ਸ੍ਰੀ ਸੱਤਿਆ ਸਾਈ ਬਾਬਾ ਅੱਗੇ ਨਤਮਸਤਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ 140 ਮੁਲਕਾਂ ’ਚ ਲੱਖਾਂ ਸ਼ਰਧਾਲੂਆਂ ਦਾ ਮਾਰਗਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਸੱਤਿਆ ਸਾਈ ਬਾਬਾ ਦੀ ਜਨਮ ਸ਼ਤਾਬਦੀ ਸਮਾਗਮ ਦੌਰਾਨ 100 ਰੁਪਏ ਦਾ ਸਿੱਕਾ ਅਤੇ ਡਾਕ ਟਿਕਟਾਂ ਦਾ ਸੈੱਟ ਵੀ ਜਾਰੀ ਕੀਤਾ। ਇਸ ਦੌਰਾਨ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਪ੍ਰਧਾਨ ਮੰਤਰੀ ਦੇ ਪੈਰ ਛੂਹੇ। ਇਸ ਮੌਕੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੁ, ਉਪ ਮੁੱਖ ਮੰਤਰੀ ਪਵਨ ਕਲਿਆਣ, ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਹੋਰ ਹਾਜ਼ਰ ਸਨ।
