ਆਲਮੀ ਉਥਲ ਪੁਥਲ ’ਚ ਭਾਰਤ ਸਥਿਰ ਚਾਨਣ ਮੁਨਾਰਾ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਲਮੀ ਤਣਾਅ, ਵਪਾਰਕ ਅੜਿੱਕਿਆਂ ਅਤੇ ਸਪਲਾਈ ਚੇਨਾਂ ਵਿੱਚ ਬਦਲਾਅ ਵਿਚਾਲੇ ਭਾਰਤ ਨੂੰ ਦੁਨੀਆ ਲਈ ਇਕ ‘ਸਥਿਰ ਚਾਨਣਮੁਨਾਰਾ’ ਕਰਾਰ ਦਿੱਤਾ ਹੈ। ਮੁੰਬਈ ਵਿੱਚ ਭਾਰਤੀ ਸਮੁੰਦਰੀ ਹਫ਼ਤਾ-2025 ਵਿੱਚ ‘ਮੈਰੀਟਾਈਮ ਲੀਡਰਜ਼ ਕਨਕਲੇਵ’ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਭਾਰਤ ਰਣਨੀਤਕ ਖ਼ੁਦਮੁਖ਼ਤਾਰੀ, ਸ਼ਾਂਤੀ ਅਤੇ ਸਮੁੱਚੇ ਵਿਕਾਸ ਦਾ ਪ੍ਰਤੀਕ ਹੈ।’’
ਮੋਦੀ ਨੇ ਕਿਹਾ ਕਿ ਭਾਰਤ ਦਾ ਜੀਵੰਤ ਲੋਕਤੰਤਰ ਅਤੇ ਭਰੋਸੋਯੋਗਤਾ ਅਜਿਹੀਆਂ ਚੀਜ਼ਾਂ ਹਨ ਜੋ ਕਿ ਭਾਰਤ ਨੂੰ ਖ਼ਾਸ ਬਣਾਉਂਦੀਆਂ ਹਨ। ਉਨ੍ਹਾਂ ਕਿਹਾ, ‘‘ਜਦੋਂ ਆਲਮੀ ਸਮੁੰਦਰ ਵਿੱਚ ਉਥਲ-ਪੁਥਲ ਮਚੀ ਹੁੰਦੀ ਹੈ ਤਾਂ ਦੁਨੀਆ ਇਕ ਸਥਿਰ ਚਾਨਣ ਮੁਨਾਰੇ ਦੀ ਭਾਲ ਕਰਦੀ ਹੈ। ਭਾਰਤ ਪੂਰੀ ਮਜ਼ਬੂਤੀ ਨਾਲ ਅਜਿਹੇ ਚਾਨਣ ਮੁਨਾਰੇ ਦੀ ਭੂਮਿਕਾ ਨਿਭਾਅ ਸਕਦਾ ਹੈ।’’ ਉਨ੍ਹਾਂ ਕਿਹਾ, ‘‘ਆਲਮੀ ਤਣਾਅ, ਵਪਾਰਕ ਅੜਿੱਕੇ ਅਤੇ ਬਦਲਦੀਆਂ ਸਪਲਾਈ ਚੇਨਾਂ ਦਰਮਿਆਨ ਭਾਰਤ ਰਣਨੀਤਕ ਖ਼ੁਦਮੁਖ਼ਤਾਰੀ, ਸ਼ਾਂਤੀ ਅਤੇ ਸਮੁੱਚੇ ਵਿਕਾਸ ਦਾ ਪ੍ਰਤੀਕ ਹੈ।’’ ਉਨ੍ਹਾਂ ਕਿਹਾ ਕਿ ਦੇਸ਼ ਦੀ ਸਮੁੰਦਰੀ ਤੇ ਵਪਾਰਕ ਪਹਿਲ ਇਕ ਵਿਆਪਕ ਦ੍ਰਿਸ਼ਟੀਕੋਣ ਦਾ ਹਿੱਸਾ ਹਨ ਅਤੇ ਉਨ੍ਹਾਂ ਨੇ ਭਾਰਤ-ਪੱਛਮ ਏਸ਼ੀਆ-ਯੂਰੋਪ ਆਰਥਿਕ ਲਾਂਘੇ ਦਾ ਭਵਿੱਖ ਵਿੱਚ ਵਪਾਰਕ ਮਾਰਗਾਂ ਨੂੰ ਪੁਨਪਰਿਭਾਸ਼ਿਤ ਕਰਨ ਦੇ ਇਕ ਉਦਾਹਰਨ ਵਜੋਂ ਹਵਾਲਾ ਦਿੱਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਸਮੁੰਦਰੀ ਖੇਤਰ ਤੇਜ਼ ਰਫ਼ਤਾਰ ਅਤੇ ਊਰਜਾ ਦੇ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਬੰਦਰਗਾਹ ਹੁਣ ਵਿਕਾਸਸ਼ੀਲ ਦੇਸ਼ਾਂ ਵਾਲੇ ਸਭ ਤੋਂ ਕੁਸ਼ਲ ਬੰਦਰਗਾਹਾਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਕਿਹਾ, ‘‘ਅਸੀਂ ਇਕ ਸਦੀ ਤੋਂ ਵੀ ਵੱਧ ਪੁਰਾਣੇ ਬਸਤੀਵਾਦੀ ਜਹਾਜ਼ਰਾਨੀ ਕਾਨੂੰਨਾਂ ਨੂੰ 21ਵੀਂ ਸਦੀ ਮੁਤਾਬਕ ਆਧੁਨਿਕ ਅਤੇ ਭਵਿੱਖ ਦੇ ਕਾਨੂੰਨਾਂ ਨਾਲ ਬਦਲ ਦਿੱਤਾ ਹੈ।’’ ਮੋਦੀ ਨੇ ਕਿਹਾ, ‘‘ਅੱਜ, ਭਾਰਤ ਦੇ ਬੰਦਰਗਾਹ ਵਿਕਾਸਸ਼ੀਲ ਦੇਸ਼ਾਂ ਵਿੱਚ ਸਭ ਤੋਂ ਕੁਸ਼ਲ ਬੰਦਰਗਾਹਾਂ ਵਿੱਚ ਗਿਣੇ ਜਾਂਦੇ ਹਨ। ਕਈ ਮਾਇਨਿਆਂ ਵਿੱਚ ਉਹ ਵਿਕਸਤ ਦੇਸ਼ਾਂ ਨਾਲੋਂ ਵੀ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।’’
