ਭਾਰਤ ਨੇ ਸੀਰੀਆ ’ਚੋਂ ਆਪਣੇ 75 ਨਾਗਰਿਕ ਸੁਰੱਖਿਅਤ ਬਾਹਰ ਕੱਢੇ
ਨਵੀਂ ਦਿੱਲੀ, 11 ਦਸੰਬਰ
ਰਾਸ਼ਟਰਪਤੀ ਬਸ਼ਰ ਅਸਦ ਦੀ ਸਰਕਾਰ ਦਾ ਬਾਗ਼ੀਆਂ ਵੱਲੋਂ ਤਖ਼ਤਾ ਪਲਟਣ ਦੇ ਦੋ ਦਿਨਾਂ ਬਾਅਦ ਭਾਰਤ ਨੇ ਆਪਣੇ 75 ਨਾਗਰਿਕਾਂ ਨੂੰ ਉਥੋਂ ਸੁਰੱਖਿਅਤ ਬਾਹਰ ਕੱਢਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈਣ ਮਗਰੋਂ ਦਮਸ਼ਕ ਅਤੇ ਬੈਰੂਤ ’ਚ ਭਾਰਤੀ ਸਫ਼ਾਰਤਖਾਨਿਆਂ ਦੇ ਤਾਲਮੇਲ ਨਾਲ ਨਾਗਰਿਕਾਂ ਨੂੰ ਸੀਰੀਆ ’ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਦੇਰ ਰਾਤ ਜਾਰੀ ਇਕ ਬਿਆਨ ’ਚ ਕਿਹਾ, ‘‘ਮੁਲਕ ਦੇ ਮੌਜੂਦਾ ਘਟਨਾਕ੍ਰਮ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਸੀਰੀਆ ਤੋਂ 75 ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਿਆ ਹੈ। ਸੁਰੱਖਿਅਤ ਕੱਢੇ ਗਏ ਭਾਰਤੀਆਂ ’ਚ ਜੰਮੂ ਕਸ਼ਮੀਰ ਦੇ 44 ਜ਼ਾਇਰੀਨ ਵੀ ਸ਼ਾਮਲ ਹਨ ਜੋ ਸਾਇਦਾ ਜ਼ੈਨਬ ’ਚ ਫਸੇ ਹੋਏ ਸਨ। ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਲਿਬਨਾਨ ਪੁੱਜ ਗਏ ਹਨ ਅਤੇ ਉਹ ਛੇਤੀ ਹੀ ਜਿਹੜੀ ਵੀ ਉਡਾਣ ਮਿਲੇਗੀ, ਉਸ ਰਾਹੀਂ ਭਾਰਤ ਪਰਤਣਗੇ।’’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਕਾਰ ਵਿਦੇਸ਼ ’ਚ ਰਹਿੰਦੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਵਧੇਰੇ ਤਰਜੀਹ ਦਿੰਦੀ ਹੈ। ਉਨ੍ਹਾਂ ਕਿਹਾ, ‘‘ਸੀਰੀਆ ’ਚ ਰਹਿੰਦੇ ਬਾਕੀ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦਮਸ਼ਕ ’ਚ ਭਾਰਤੀ ਸਫ਼ਾਰਤਖਾਨੇ ਦੇ ਸੰਪਰਕ ’ਚ ਰਹਿਣ। -ਪੀਟੀਆਈ