ਭਾਰਤ ਨੇ ਜਹਾਜ਼ ਹਾਦਸੇ ਬਾਰੇ ਬਰਤਾਨਵੀ ਮੀਡੀਆ ਦੀ ਰਿਪੋਰਟ ਨਕਾਰੀ
ਭਾਰਤ ਨੇ ਬਰਤਾਨਵੀ ਮੀਡੀਆ ਦੀ ਉਸ ਰਿਪੋਰਟ ਨੂੰ ਅੱਜ ਖਾਰਜ ਕਰ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਰਤਾਨੀਆ ਦੇ ਦੋ ਪਰਿਵਾਰਾਂ ਨੂੰ ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸੇ ਵਿੱਚ ਮਾਰੇ ਗਏ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਗਲਤ ਲਾਸ਼ਾਂ ਮਿਲੀਆਂ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਰੀਆਂ ਲਾਸ਼ਾਂ ਬਹੁਤ ਹੀ ਪੇਸ਼ੇਵਰ ਢੰਗ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘ਅਸੀਂ ਰਿਪੋਰਟ ਦੇਖੀ ਹੈ ਅਤੇ ਜਦੋਂ ਤੋਂ ਇਹ ਚਿੰਤਾਵਾਂ ਅਤੇ ਮੁੱਦੇ ਸਾਡੇ ਧਿਆਨ ਵਿੱਚ ਲਿਆਂਦੇ ਗਏ ਹਨ, ਉਦੋਂ ਤੋਂ ਅਸੀਂ ਬਰਤਾਨੀਆ ਨਾਲ ਮਿਲ ਕੇ ਕੰਮ ਕਰ ਰਹੇ ਹਾਂ।’
ਉਨ੍ਹਾਂ ਕਿਹਾ, ‘ਹਾਦਸੇ ਤੋਂ ਬਾਅਦ ਸਬੰਧਤ ਅਧਿਕਾਰੀਆਂ ਨੇ ਸਥਾਪਿਤ ਪ੍ਰੋਟੋਕੋਲ ਅਨੁਸਾਰ ਮ੍ਰਿਤਕਾਂ ਦੀ ਪਛਾਣ ਕੀਤੀ ਸੀ।’
ਜੈਸਵਾਲ 12 ਜੂਨ ਨੂੰ ਏਅਰ ਇੰਡੀਆ ਦੇ ਜਹਾਜ਼ ਹਾਦਸੇ ਬਾਰੇ ‘ਡੇਲੀ ਮੇਲ’ ਵਿੱਚ ਛਪੀ ਇੱਕ ਰਿਪੋਰਟ ਬਾਰੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਇਸ ਹਾਦਸੇ ਵਿੱਚ 53 ਬਰਤਾਨਵੀ ਨਾਗਰਿਕਾਂ ਸਮੇਤ 241 ਵਿਅਕਤੀ ਮਾਰੇ ਗਏ ਸਨ। ਬਰਤਾਨਵੀ ਅਖਬਾਰ ਨੇ ਆਪਣੀ ਰਿਪੋਰਟ ਵਿੱਚ ਦੋ ਪਰਿਵਾਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਹਾਦਸੇ ਵਿੱਚ ਮਾਰੇ ਗਏ ਬਰਤਾਨਵੀ ਨਾਗਰਿਕਾਂ ਦੀਆਂ ਲਾਸ਼ਾਂ ਸੌਂਪਣ ਵਿੱਚ ‘ਵੱਡੇ ਪੱਧਰ ’ਤੇ ਗੜਬੜੀ’ ਹੋਈ ਸੀ।