ਯੂਕਰੇਨ ਸੰਘਰਸ਼ ਦੇ ਹੱਲ ਲਈ ਭਾਰਤ ਵਚਨਬੱਧ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਫੋਨ ’ਤੇ ਕਿਹਾ ਕਿ ਯੂਕਰੇਨ ਸੰਘਰਸ਼ ਦੇ ਜਲਦੀ ਤੇ ਸ਼ਾਂਤੀਪੂਰਨ ਹੱਲ ਲਈ ਭਾਰਤ ਹਰ ਸੰਭਵ ਯੋਗਦਾਨ ਲਈ ਵਚਨਬੱਧ ਹੈ। ਦੂਜੇ ਪਾਸੇ ਜ਼ੇਲੈਂਸਕੀ ਨੇ ਸ਼ਾਂਤੀ ਸਥਾਪਨਾ ਨਾਲ ਜੁੜੀਆਂ ਕੋਸ਼ਿਸ਼ਾਂ ਲਈ ਮੋਦੀ ਦੀ ਹਮਾਇਤ ਦੀ ਸ਼ਲਾਘਾ ਕੀਤੀ। ਉਨ੍ਹਾਂ ਹਾਲਾਂਕਿ ਭਾਰਤ ਵੱਲੋਂ ਰੂਸ ਤੋਂ ਕੱਚੇ ਤੇਲ ਦੀ ਖਰੀਦ ਦਾ ਅਸਿੱਧੇ ਢੰਗ ਨਾਲ ਹਵਾਲਾ ਦਿੰਦਿਆਂ ਕਿਹਾ ਕਿ ਯੂਕਰੇਨ ’ਚ ਜੰਗ ਜਾਰੀ ਰੱਖਣ ਦੀ ਮਾਸਕੋ ਦੀ ‘ਵਿੱਤੀ ਸਮਰੱਥਾ’ ’ਚ ਕਮੀ ਲਿਆਉਣ ਲਈ ਰੂਸ ਤੋਂ ਊਰਜਾ, ਖਾਸ ਤੌਰ ’ਤੇ ਕੱਚੇ ਤੇਲ ਦੀ ਬਰਾਮਦ ਨੂੰ ਸੀਮਤ ਕਰਨ ਦੀ ਲੋੜ ਹੈ। ਦੋਵਾਂ ਆਗੂਆਂ ਵਿਚਾਲੇ ਇਹ ਗੱਲਬਾਤ ਅਮਰੀਕਾ ਦੇ ਅਲਾਸਕਾ ’ਚ 15 ਅਗਸਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਵਿਚਾਲੇ ਰੂਸ-ਯੂਰਕੇਨ ਵਿਚਾਲੇ ਸ਼ਾਂਤੀ ਸਮਝੌਤੇ ਨੂੰ ਲੈ ਕੇ ਹੋਣ ਵਾਲੀ ਸਿਖਰ ਵਾਰਤਾ ਤੋਂ ਪਹਿਲਾਂ ਹੋਈ ਹੈ। ਮੋਦੀ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਮੈਨੂੰ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਗੱਲ ਕਰਕੇ ਅਤੇ ਹਾਲੀਆ ਘਟਨਾਕ੍ਰਮਾਂ ’ਤੇ ਉਨ੍ਹਾਂ ਦੇ ਵਿਚਾਰ ਜਾਣ ਕੇ ਖੁਸ਼ੀ ਹੋਈ। ਮੈਂ ਉਨ੍ਹਾਂ ਨੂੰ ਭਾਰਤ ਦੇ ਲਗਾਤਾਰ ਜਾਰੀ ਇਸ ਰੁਖ਼ ਤੋਂ ਜਾਣੂ ਕਰਵਾਇਆ ਕਿ ਸੰਘਰਸ਼ ਦੇ ਜਲਦੀ ਤੇ ਸ਼ਾਂਤੀਪੂਰਨ ਹੱਲ ਦੀ ਲੋੜ ਹੈ।’ ਦੂਜੇ ਪਾਸੇ ਜੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਮੋਦੀ ਨਾਲ ਸਾਰੇ ਅਹਿਮ ਮੁੱਦਿਆਂ ’ਤੇ ‘ਵਿਸਤਾਰ ਨਾਲ’ ਚਰਚਾ ਕੀਤੀ ਜਿਨ੍ਹਾਂ ’ਚ ਦੁਵੱਲੇ ਸਹਿਯੋਗ ਤੇ ਕੂਟਨੀਤਕ ਸਥਿਤੀ ਵੀ ਸ਼ਾਮਲ ਹੈ।