ਮੁੜ ਲੀਹ ’ਤੇ ਪਰਤ ਰਹੇ ਨੇ ਭਾਰਤ-ਚੀਨ ਰਿਸ਼ਤੇ: ਗੋਇਲ
ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ-ਚੀਨ ਰਿਸ਼ਤੇ ਹੌਲੀ-ਹੌਲੀ ਲੀਹ ’ਤੇ ਪਰਤ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਸਰਹੱਦੀ ਵਿਵਾਦ ਸੁਲਝਦੇ ਜਾਣਗੇ, ਤਣਾਅ ਘੱਟ ਹੁੰਦਾ ਜਾਵੇਗਾ। ਅਮਰੀਕਾ ਨਾਲ ਟੈਰਿਫ ਦਰਾਂ ਕਾਰਨ ਪੈਦਾ ਹੋਏ ਵਿਵਾਦ ਦਰਮਿਆਨ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਦੀ ਅਮਰੀਕਾ ਨਾਲ ਦੁਵੱਲੇ ਵਪਾਰ ਸਮਝੌਤੇ (ਬੀਟੀਏ) ਬਾਰੇ ਗੱਲਬਾਤ ਜਾਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਾਲ ਪੱਤਝੜ ਜਾਂ ਨਵੰਬਰ ਤੱਕ ਇਹ ਸਮਝੌਤਾ ਸਿਰੇ ਚੜ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਸਮਝੌਤੇ ਲਈ ਗੱਲਬਾਤ ਵਿੱਚ ਵਪਾਰਕ ਮੁੱਦਿਆਂ ’ਤੇ ਕੁੱਝ ਹੱਦ ਤੱਕ ਭੂ-ਰਾਜਨਤੀਕ ਮੁੱਦੇ ਭਾਰੂ ਰਹੇ। ਉਨ੍ਹਾਂ ਮੁੰਬਈ ਵਿੱਚ ਸਾਲਾਨਾ ਆਲਮੀ ਨਿਵੇਸ਼ਕ ਸੰਮੇਲਨ 2025 ਨੂੰ ਵਰਚੁਅਲੀ ਸੰਬੋਧਨ ਕਰਦਿਆਂ ਕਿਹਾ, ‘‘ਜਿਵੇਂ ਫਰਵਰੀ ਵਿੱਚ ਸਾਡੇ ਆਗੂਆਂ ਨੇ ਚਰਚਾ ਕੀਤੀ ਸੀ, ਮੈਨੂੰ ਉਮੀਦ ਹੈ ਕਿ ਚੀਜ਼ਾਂ ਛੇਤੀ ਲੀਹ ’ਤੇ ਪਰਤ ਆਉਣਗੀਆਂ ਅਤੇ ਅਸੀਂ ਪੱਤਝੜ ਜਾਂ ਨਵੰਬਰ ਜਾਂ ਉਸ ਦੇ ਨੇੜੇ-ਤੇੜੇ ਦੁਵੱਲਾ ਵਪਾਰ ਸਮਝੌਤਾ ਕਰ ਲਵਾਂਗੇ।’’ ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ-ਚੀਨ ਸਬੰਧ ਹੌਲੀ-ਹੌਲੀ ਲੀਹ ’ਤੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਸਰਹੱਦੀ ਮੁੱਦੇ ਸੁਲਝਦੇ ਜਾਣਗੇ ਤਣਾਅ ਘਟਦਾ ਜਾਵੇਗਾ। ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਹੋਈ ਮੀਟਿੰਗ ਦੌਰਾਨ ਭਾਰਤ-ਚੀਨ ਸਰਹੱਦੀ ਮੁੱਦੇ ਦੇ ਨਿਰਪੱਖ, ਢੁਕਵੇਂ ਅਤੇ ਆਪਸੀ ਸਵੀਕਾਰਨਯੋਗ ਹੱਲ ਦੀ ਦਿਸ਼ਾ ਵਿੱਚ ਕੰਮ ਕਰਨ ’ਤੇ ਸਹਿਮਤੀ ਬਣੀ ਹੈ। ਦੋਵਾਂ ਨੇਤਾਵਾਂ ਨੇ ਆਲਮੀ ਵਪਾਰ ਨੂੰ ਸਥਿਰ ਕਰਨ ਵਿੱਚ ਇੱਕ-ਦੂਜੇ ਦੇ ਅਰਥਚਾਰੇ ਦੀ ਭੂਮਿਕਾ ਨੂੰ ਮਾਨਤਾ ਦਿੰਦਿਆਂ ਵਪਾਰ ਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਦਾ ਵੀ ਸੰਕਲਪ ਲਿਆ। ਪੱਤਰਕਾਰਾਂ ਨੇ ਗੋਇਲ ਨੂੰ ਪੁੱਛਿਆ ਕਿ ਜੇਕਰ ਭਾਰਤ ਅਤੇ ਚੀਨ ਦਰਮਿਆਨ ਸਬੰਧ ਮੁੜ ਲੀਹ ’ਤੇ ਆ ਰਹੇ ਹਨ ਤਾਂ ਕੀ ਪੀਐੱਨ3 ਵਿੱਚ ਢਿੱਲ ਦੇਣ ਦੀ ਗੁੰਜਾਇਸ਼ ਹੈ। ਇਸ ’ਤੇ ਉਨ੍ਹਾਂ ਕਿਹਾ, ‘‘ਇਹ ਇੱਕ ਐੱਸ ਸੀ ਓ ਸਿਖਰ ਸੰਮੇਲਨ ਸੀ, ਜਿਸ ਵਿੱਚ ਸਾਰੇ ਐੱਸ ਸੀ ਓ ਮੈਂਬਰਾਂ ਨੇ ਹਿੱਸਾ ਲਿਆ। ਗਲਵਾਨ ਵਿੱਚ ਸਾਡੇ ਸਾਹਮਣੇ ਇੱਕ ਸਮੱਸਿਆ ਸੀ, ਜਿਸ ਕਾਰਨ ਸਾਡੇ ਸਬੰਧਾਂ ਵਿੱਚ ਥੋੜ੍ਹੀ ਤਲਖ਼ੀ ਆਈ ਸੀ। ਮੈਨੂੰ ਲੱਗਦਾ ਹੈ ਕਿ ਸਰਹੱਦੀ ਮੁੱਦਿਆਂ ਦਾ ਹੱਲ ਹੋਣ ਦੇ ਨਾਲ ਹੀ ਸਥਿਤੀ ਆਮ ਹੋਣਾ ਬਹੁਤ ਹੀ ਸੁਭਾਵਿਕ ਨਤੀਜਾ ਹੈ।’’ ਚੀਨ ਨਾਲ ਜ਼ਮੀਨੀ ਸਰਹੱਦ ਸਾਂਝਾ ਕਰਨ ਵਾਲੇ ਦੇਸ਼ਾਂ ਤੋਂ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ ਡੀ ਆਈ) ਲਈ ਇਸ ਸਮੇਂ ਸਾਰੇ ਖੇਤਰਾਂ ਵਿੱਚ ਸਰਕਾਰੀ ਪ੍ਰਵਾਨਗੀ ਲੈਣਾ ਲਾਜ਼ਮੀ ਹੈ। ਇਹ ਨੀਤੀ ਅਪਰੈਲ 2020 ਵਿੱਚ ਪ੍ਰੈਸ ਨੋਟ 3 (ਪੀਐੱਨ 3) ਵਜੋਂ ਜਾਰੀ ਕੀਤੀ ਗਈ ਸੀ।
ਆਟੋ ਤੇ ਇਲੈਕਟ੍ਰਾਨਿਕਸ ਸਨਅਤਾਂ ਨੂੰ ਸਵਦੇਸ਼ੀ ਵਸਤਾਂ ਖ਼ਰੀਦਣ ਦਾ ਸੁਝਾਅ
ਚੀਨ ਦਾ ਨਾਮ ਲਏ ਬਿਨਾਂ ਪਿਯੂਸ਼ ਗੋਇਲ ਨੇ ਕਿਹਾ ਕਿ ਘਰੇਲੂ ਆਟੋ ਅਤੇ ਇਲੈਕਟ੍ਰਾਨਿਕਸ ਸਨਅਤਾਂ ਨੂੰ ਪਰਮਾਨੈਂਟ ਮੈਗਨੇਟਾਂ ਦੀ ਬਰਾਮਦ ’ਤੇ ਰੋਕ ਨਾਲ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸਨਅਤ ਨੂੰ ਸਵਦੇਸ਼ੀ ਵਸਤਾਂ ਅਤੇ ਸੇਵਾਵਾਂ ਖ਼ਰੀਦਣ ਵੱਲ ਧਿਆਨ ਦੇਣਾ ਚਾਹੀਦਾ ਹੈ। ਗੋਇਲ ਨੇ ਕਿਹਾ ਕਿ ਟਰਾਂਸਫਾਰਮਰ ਕੰਪਨੀਆਂ ਨੂੰ ਭਾਰਤ ’ਚ ਬਣਿਆ ਸਟੀਲ ਖ਼ਰੀਦਣਾ ਚਾਹੀਦਾ ਹੈ।