ਭਾਰਤ-ਚੀਨ ‘ਦੋਸਤੀ’ ਦੋਵਾਂ ਲਈ ਫਾਇਦੇਮੰਦ: ਜਿਨਪਿੰਗ
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ-ਚੀਨ ਦੋਸਤੀ ਦੋਵਾਂ ਦੇਸ਼ਾਂ ਲਈ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੱਕ-ਦੂਜੇ ਦੀ ਸਫ਼ਲਤਾ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਦੋਵਾਂ ਨੇਤਾਵਾਂ ਦਰਮਿਆਨ ਗੱਲਬਾਤ ਇੱਥੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਾਲਾਨਾ ਸੰਮੇਲਨ ਦੌਰਾਨ ਹੋਈ।
ਸ਼ੀ ਨੇ ਕਿਹਾ, ‘‘ਅਸੀਂ ਦੋਵੇਂ ਆਪਣੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ, ਵਿਕਾਸਸ਼ੀਲ ਦੇਸ਼ਾਂ ਦੀ ਏਕਤਾ ਅਤੇ ਸੁਰਜੀਤੀ ਨੂੰ ਉਤਸ਼ਾਹਿਤ ਕਰਦਿਆਂ ਮਨੁੱਖੀ ਸਮਾਜ ਦੇ ਵਿਕਾਸ ਨੂੰ ਅੱਗੇ ਵਧਾਉਣ ਦੀ ਇਤਿਹਾਸਕ ਜ਼ਿੰਮੇਵਾਰੀ ਨਿਭਾਉਂਦੇ ਹਾਂ।’’
ਉਨ੍ਹਾਂ ਦੱਸਿਆ, ‘‘ਇਹ ਦੋਵਾਂ ਲਈ ਸਹੀ ਚੋਣ ਹੈ ਕਿ ਉਹ ਦੋਸਤ ਬਣਨ, ਜਿਨ੍ਹਾਂ ਦੇ ਚੰਗੇ ਗੁਆਂਢੀ ਅਤੇ ਦੋਸਤਾਨਾ ਸਬੰਧ ਹੋਣ, ਇੱਕ-ਦੂਜੇ ਦੇ ਭਾਈਵਲ ਹੋਣ ਅਤੇ ਦੋਵਾਂ ਦੇਸ਼ਾਂ ਦੀ ਸਫ਼ਲਤਾ ਦੇ ਇਕੱਠਿਆਂ ਜਸ਼ਨ ਮਨਾਉਣ।’’
ਸ਼ੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਆਪਣੇ ਸਬੰਧਾਂ ਨੂੰ ਸਿਆਸੀ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਤੋਂ ਦੇਖਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ, ‘‘ਦੋਵਾਂ ਧਿਰਾਂ ਨੂੰ ਰਣਨੀਤਕ ਉਚਾਈਆਂ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਤੋਂ ਸਾਡੇ ਸਬੰਧਾਂ ਨੂੰ ਦੇਖਣ ਅਤੇ ਸੰਭਾਲਣ ਦੀ ਲੋੜ ਹੈ ਤਾਂ ਜੋ ਸਾਡੇ ਦੁਵੱਲੇ ਸਬੰਧਾਂ ਦੇ ਨਿਰੰਤਰ, ਮਜ਼ਬੂਤ ਅਤੇ ਸਥਿਰ ਵਿਕਾਸ ਨੂੰ ਸਾਕਾਰ ਕੀਤਾ ਜਾ ਸਕੇ।’’
ਚੀਨੀ ਰਾਸ਼ਟਰਪਤੀ ਨੇ ਮੋਦੀ ਨੂੰ ਦੱਸਿਆ ਕਿ ਚੀਨ ਅਤੇ ਭਾਰਤ ਇੱਕ-ਦੂਜੇ ਦੇ ਵਿਰੋਧੀ ਨਹੀਂ, ਸਗੋਂ ਸਹਿਯੋਗੀ ਭਾਈਵਾਲ ਹਨ, ਵਿਰੋਧੀ ਨਹੀਂ ਅਤੇ ਦੋਵੇਂ ਦੇਸ਼ਾਂ ਕੋਲ ਧਮਕੀਆਂ ਦੀ ਬਜਾਇ ਇੱਕ-ਦੂਜੇ ਦੇ ਵਿਕਾਸ ਲਈ ਅਥਾਹ ਮੌਕੇ ਹਨ।
ਅਮਰੀਕੀ ਰਾਸ਼ਟਰਤੀ ਡੋਨਲਡ ਟਰੰਪ ਦੀਆਂ ਇੱਕਪਾਸੜ ਨੀਤੀਆਂ ’ਤੇ ਨਿਸ਼ਾਨਾ ਸੇਧਦਿਆਂ ਸ਼ੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਬਹੁ-ਪੱਖੀਵਾਦ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਨੂੰ ਬਹੁ-ਪੱਖੀ ਅਤੇ ਕੌਮਾਂਤਰੀ ਸਬੰਧਾਂ ’ਚ ਜਮਹੂਰੀਅਤ ਲਈ ਵੀ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ, ‘‘ਸਾਨੂੰ ਬਹੁ-ਪੱਖੀ ਸਾਂਝ ਕਾਇਮ ਰੱਖਣ, ਕੌਮਾਂਤਰੀ ਸਬੰਧਾਂ ਅਤੇ ਜਮਹੂਰੀਅਤ ਦੀ ਮਜ਼ਬੂਤੀ ਦੀ ਮਿਲ ਕੇ ਕੰਮ ਕਰਨ ਅਤੇ ਦੁਨੀਆ ਭਰ ਵਿੱਚ ਸ਼ਾਂਤੀ ਤੇ ਖੁਸ਼ਹਾਲੀ ’ਚ ਯੋਗਦਾਨ ਪਾਉਣ ਲਈ ਆਪਣੀ ਇਤਿਹਾਸਕ ਜ਼ਿੰਮੇਵਾਰੀ ਨਿਭਾਉਂਦਿਆਂ ਅੱਗੇ ਵਧਣਾ ਚਾਹੀਦਾ ਹੈ।’’
ਪਿਛਲੇ ਦਸ ਮਹੀਨਿਆਂ ਵਿੱਚ ਉਨ੍ਹਾਂ ਦੀ ਇਹ ਪਹਿਲੀ ਮੁਲਾਕਾਤ ਸੀ ਅਤੇ ਵਪਾਰ ਅਤੇ ਟੈਰਿਫ ’ਤੇ ਵਾਸ਼ਿੰਗਟਨ ਦੀਆਂ ਨੀਤੀਆਂ ਕਾਰਨ ਭਾਰਤ-ਅਮਰੀਕਾ ਸਬੰਧਾਂ ਵਿੱਚ ਅਚਾਨਕ ਖੱਟਾਸ ਕਾਰਨ ਇਹ ਹੋਰ ਵੀ ਅਹਿਮ ਸੀ।
ਸ਼ੀ ਨੇ ਮੋਦੀ ਨੂੰ ਦੱਸਿਆ ਕਿ ਦੁਨੀਆ ਇਸ ਸਮੇਂ ਇੱਕ ਸਦੀ ’ਚ ਇੱਕ ਵਾਰ ਹੋਣ ਵਾਲੇ ਬਦਲਾਅ ਵਿੱਚੋਂ ਲੰਘ ਰਹੀ ਹੈ। ਉਨ੍ਹਾਂ ਕਿਹਾ, ‘‘ਚੀਨ ਅਤੇ ਭਾਰਤ ਪੂਰਬ ’ਚ ਦੋ ਪ੍ਰਾਚੀਨ ਸੱਭਿਆਤਾਵਾਂ ਹਨ, ਅਸੀਂ ਦੁਨੀਆ ਦੇ ਦੋ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਹਾਂ ਅਤੇ ਅਸੀਂ ਗਲੋਬਲ ਸਾਊਥ ਦੇ ਸਭ ਤੋਂ ਪੁਰਾਣੇ ਮੈਂਬਰ ਵੀ ਹਾਂ।’’