ਭਾਰਤ, ਕੈਨੇਡਾ ਸੁਰੱਖਿਆ ਸਹਿਯੋਗ ਵਧਾਉਣ ਲਈ ਸਹਿਮਤ: MEA
ਭਾਰਤ ਅਤੇ ਕੈਨੇਡਾ ਨੇ ਸੁਰੱਖਿਆ ਸਹਿਯੋਗ ਨੂੰ ਹੁਲਾਰਾ ਦੇਣ ਦਾ ਫ਼ੈਸਲਾ ਕੀਤਾ ਹੈ, ਜਿਸ ਵਿੱਚ ਅਤਿਵਾਦ ਅਤੇ ਕੌਮਾਂਤਰੀ ਅਪਰਾਧਾਂ ਨਾਲ ਨਜਿੱਠਣਾ ਵੀ ਸ਼ਾਮਲ ਹੈ। ਵਿਦੇਸ਼ ਮੰਤਰਾਲੇ (MEA) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਫੈਸਲਾ ਓਟਾਵਾ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਇੱਕ ਅਤਿਵਾਦੀ ਸੰਸਥਾ ਵਜੋਂ ਸੂਚੀਬੱਧ ਕਰਨ ਦੇ ਪਿਛੋਕੜ ਵਿੱਚ ਆਇਆ ਹੈ।
ਕੈਨੇਡਾ ਨੇ ਲੰਘੇ ਸੋਮਵਾਰ ਨੂੰ ਬਿਸ਼ਨੋਈ ਗੈਂਗ ਨੂੰ ਇੱਕ ਅਤਿਵਾਦੀ ਸੰਸਥਾ ਵਜੋਂ ਨਾਮਜ਼ਦ ਕੀਤਾ ਸੀ, ਕਿਉਂਕਿ ਇਹ "ਹਿੰਸਕ ਤਰੀਕੇ ਨਾਲ" ਕੁਝ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਰਿਹਾ ਸੀ ਅਤੇ "ਡਰ ਤੇ ਸਹਿਮ ਵਾਲਾ ਮਾਹੌਲ" ਪੈਦਾ ਕਰ ਰਿਹਾ ਸੀ। ਕੈਨੇਡਾ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ, "ਕੈਨੇਡਾ ਵਿੱਚ ਹਿੰਸਾ ਅਤੇ ਦਹਿਸ਼ਤ ਦੀਆਂ ਕਾਰਵਾਈਆਂ ਲਈ ਕੋਈ ਥਾਂ ਨਹੀਂ ਹੈ, ਖਾਸ ਕਰਕੇ ਉਹ ਜੋ ਡਰ ਵਾਲਾ ਮਾਹੌਲ ਪੈਦਾ ਕਰਨ ਲਈ ਖਾਸ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ।" ਬਿਸ਼ਨੋਈ ਗੈਂਗ ਦੀ ਸੂਚੀਬੱਧਤਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਉਨ੍ਹਾਂ ਦੇ ਕੈਨੇਡਿਆਈ ਹਮਰੁਤਬਾ ਨੈਥਲੀ ਡਰੋਇਨ ਵੱਲੋਂ ਨਵੀਂ ਦਿੱਲੀ ਵਿੱਚ ਗੱਲਬਾਤ ਕਰਨ ਤੋਂ ਇੱਕ ਹਫ਼ਤੇ ਬਾਅਦ ਹੋਈ ਹੈ।
ਗੈਂਗ ਨੂੰ ਕੈਨੇਡਾ ਵੱਲੋਂ ਸੂਚੀਬੱਧ ਕਰਨ ਬਾਰੇ ਪੁੱਛੇ ਜਾਣ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਆਪਣੀ ਹਫਤਾਵਾਰੀ ਮੀਡੀਆ ਬ੍ਰੀਫਿੰਗ ਵਿੱਚ 18 ਸਤੰਬਰ ਨੂੰ ਡੋਵਾਲ ਤੇ ਡਰੋਇਨ ਦਰਮਿਆਨ ਹੋਈ ਉਸਾਰੂ ਗੱਲਬਾਤ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ, ‘ਦੋਵਾਂ ਧਿਰਾਂ ਨੇ ਅਤਿਵਾਦ ਵਿਰੋਧੀ, ਕੌਮਾਂਤਰੀ ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਅਤੇ ਖੁਫੀਆ ਜਾਣਕਾਰੀ ਦੇ ਆਦਾਨ-ਪ੍ਰਦਾਨ ਵਰਗੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਉਸਾਰੂ ਵਿਚਾਰ-ਵਟਾਂਦਰਾ ਕੀਤਾ ਸੀ।’ ਉਨ੍ਹਾਂ ਅੱਗੇ ਕਿਹਾ, ‘ਉਹ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਰੁਝੇਵਿਆਂ ਦੇ ਮੌਜੂਦਾ ਤਰੀਕਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤ ਹੋਏ। ਦੋਵੇਂ ਧਿਰਾਂ ਇਨ੍ਹਾਂ ਸਾਰੇ ਮੁੱਦਿਆਂ ’ਤੇ ਲਗਾਤਾਰ ਸੰਪਰਕ ਵਿੱਚ ਹਨ।’