ਭਾਰਤ ਵੱਲੋਂ ਕੌਮਾਂਤਰੀ ਖੇਡ ਨੀਤੀ ਦਾ ਐਲਾਨ: ਪਾਕਿ ਨਾਲ ਦੁਵੱਲੇ ਖੇਡ ਸਬੰਧ ਖਤਮ ਪਰ ਏਸ਼ੀਆ ਕਿ੍ਰਕਟ ਕੱਪ ਵਿੱਚ ਭਿੜਨਗੀਆਂ ਦੋਵੇਂ ਟੀਮਾਂ
ਕੇਂਦਰੀ ਖੇਡ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਕਿਸੇ ਵੀ ਦੁਵੱਲੇ ਖੇਡ ਮੁਕਾਬਲੇ ’ਚ ਨਹੀਂ ਖੇਡਣਗੇ ਪਰ ਭਾਰਤੀ ਕ੍ਰਿਕਟ ਟੀਮ ਨੂੰ ਅਗਲੇ ਮਹੀਨੇ ਕਈ ਮੁਲਕਾਂ ਦੀਆਂ ਟੀਮਾਂ ਵਿਚਾਲੇ ਹੋਣ ਵਾਲੇ ਏਸ਼ੀਆ ਕੱਪ ’ਚ ਖੇਡਣ ਤੋਂ ਨਹੀਂ ਰੋਕਿਆ ਜਾਵੇਗਾ। ਖੇਡ ਮੰਤਰਾਲੇ ਨੇ ਭਾਰਤ ਦੀ ਕੌਮਾਂਤਰੀ ਮੁਕਾਬਲਿਆਂ ਸਬੰਧੀ ਨਵੀਂ ਨੀਤੀ ਜਾਰੀ ਕੀਤੀ ਹੈ, ਜਿਹੜੀ ਪਾਕਿਸਤਾਨ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਕੇ ਬਣਾਈ ਗਈ ਹੈ। ਸੂਤਰਾਂ ਨੇ ਦੱਸਿਆ ਕਿ ਇਹ ਨੀਤੀ ਤੁਰੰਤ ਲਾਗੂ ਹੋ ਗਈ ਹੈ। ਮੰਤਰਾਲੇ ਦੀ ਇਸ ਨੀਤੀ ’ਚ ਕਿਹਾ ਗਿਆ, ‘‘ਪਾਕਿਸਤਾਨ ਦੀ ਸ਼ਮੂਲੀਅਤ ਵਾਲੇ ਖੇਡ ਮੁਕਾਬਲਿਆਂ ਪ੍ਰਤੀ ਭਾਰਤ ਦਾ ਨਜ਼ਰੀਆ ਉਸ ਮੁਲਕ ਨਾਲ ਵਿਵਹਾਰ ਕਰਨ ਦੀ ਉਸ ਦੀ ਸਮੁੱਚੀ ਨੀਤੀ ਨੂੰ ਦਰਸਾਉਂਦਾ ਹੈ।’’ ਇਸ ਮੁਤਾਬਕ, ‘‘ਜਿੱਥੋਂ ਤੱਕ ਇੱਕ-ਦੂਜੇ ਦੇ ਦੇਸ਼ ’ਚ ਦੁਵੱਲੇ ਖੇਡ ਮੁਕਾਬਲਿਆਂ ਦਾ ਸਬੰਧ ਹੈ ਤਾਂ ਭਾਰਤੀ ਟੀਮਾਂ ਪਾਕਿਸਤਾਨ ’ਚ ਟੂਰਨਾਮੈਂਟਾਂ ’ਚ ਹਿੱਸਾ ਨਹੀਂ ਲੈਣਗੀਆਂ, ਨਾ ਹੀ ਅਸੀਂ ਪਾਕਿਸਤਾਨ ਦੀਆਂ ਟੀਮਾਂ ਨੂੰ ਭਾਰਤ ਵਿੱਚ ਖੇਡਣ ਦੀ ਆਗਿਆ ਦੇਵਾਂਗੇ।’’ ਹਾਲਾਂਕਿ ਬਹੁ-ਮੁਲਕੀ ਟੂਰਨਾਮੈਂਟਾਂ ’ਤੇ ਇਸ ਫ਼ੈਸਲੇ ਦਾ ਅਸਰ ਨਹੀਂ ਪਵੇਗਾ।
ਖੇਡ ਮੰਤਰਾਲੇ ਦੇ ਸੂਤਰ ਨੇ ਕਿਹਾ, ‘‘ਅਸੀਂ ਭਾਰਤੀ ਕ੍ਰਿਕਟ ਟੀਮ ਨੂੰ ਏਸ਼ੀਆ ਕੱਪ ’ਚ ਖੇਡਣ ਤੋਂ ਨਹੀਂ ਰੋਕਾਂਗੇ ਕਿਉਂਕਿ ਇਹ ਬਹੁ-ਮੁਲਕੀ ਟੂਰਨਾਮੈਂਟ ਹੈ।’’ ਸੂਤਰ ਨੇ ਆਖਿਆ, ‘‘ਪਰ ਪਾਕਿਸਤਾਨ ਨੂੰ ਦੁਵੱਲੇ ਟੂਰਨਾਮੈਂਟਾਂ ਲਈ ਭਾਰਤੀ ਜ਼ਮੀਨ ’ਤੇ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਅਸੀਂ ਉਨ੍ਹਾਂ ਨੂੰ ਬਹੁ-ਦੇਸ਼ੀ ਟੂਰਨਾਮੈਂਟ ’ਚ ਖੇਡਣ ਤੋਂ ਨਹੀਂ ਰੋਕਾਂਗੇ ਕਿਉਂਕਿ ਅਸੀਂ ਓਲੰਪਿਕ ਚਾਰਟਰ ਦੀ ਪਾਲਣਾ ਕਰਾਂਗੇ।’
ਇਹ ਸਵਾਲ ਕਿ ਕੀ ਭਾਰਤੀ ਟੀਮਾਂ ਨੂੰ ਬਹੁ-ਦੇਸ਼ੀ ਟੂਰਨਾਮੈਂਟਾਂ ਲਈ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਜਾਵੇਗੀ, ਪੁੱਛਣ ’ਤੇ ਸੂਤਰ ਨੇ ਆਖਿਆ, ‘‘ਇਸ ਸਥਿਤੀ ਵਿੱਚ ਅਸੀਂ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਮਾਮਲੇ ਦੀ ਘੋਖ ਕਰਾਂਗੇ। ਬਹੁ-ਦੇਸ਼ੀ ਮੁਕਾਬਲਿਆਂ ’ਚ ਵੀ ਅਸੀਂ ਆਪਣੇ ਅਥਲੀਟਾਂ ਨੂੰ ਮੰਝਧਾਰ ’ਚ ਨਹੀਂ ਛੱਡ ਸਕਦੇ।’’