ਭਾਰਤ ਤੇ ਫਿਲਪੀਨਜ਼ ਵੱਲੋਂ ਰਣਨੀਤਕ ਭਾਈਵਾਲੀ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਅਤੇ ਫਿਲਪੀਨਜ਼ ਆਪਣੀ ਮਰਜ਼ੀ ਨਾਲ ਦੋਸਤ ਅਤੇ ਕਿਸਮਤ ਨਾਲ ਭਾਈਵਾਲ ਹਨ। ਉਨ੍ਹਾਂ ਨੇ ਇਹ ਟਿੱਪਣੀਆਂ ਅਜਿਹੇ ਸਮੇਂ ਕੀਤੀਆਂ ਜਦੋਂ ਦੋਵਾਂ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਂਦਿਆਂ ਆਪਣੇ ਹਥਿਆਰਬੰਦ ਬਲਾਂ ਦਰਮਿਆਨ ਤਾਲਮੇਲ ਵਧਾਉਣ ’ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਫਿਲਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਆਰ ਮਾਰਕੋਸ ਜੂਨੀਅਰ ਦਰਮਿਆਨ ਇੱਥੇ ਹੋਈ ਦੁਵੱਲੀ ਗੱਲਬਾਤ ਮਗਰੋਂ ਦੋਵਾਂ ਦੇਸ਼ਾਂ ਨੇ ਆਪਸੀ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦਾ ਐਲਾਨ ਕੀਤਾ। ਭਾਰਤ ਅਤੇ ਫਿਲਪੀਨਜ਼ ਨੇ ਨੌਂ ਸਮਝੌਤਿਆਂ ’ਤੇ ਦਸਤਖਤ ਕੀਤੇ, ਜਿਨ੍ਹਾਂ ਵਿੱਚ ਰਣਨੀਤਕ ਭਾਈਵਾਲੀ ਦਾ ਐਲਾਨ, ਦੋਵਾਂ ਦੇਸ਼ਾਂ ਦੀਆਂ ਫੌਜਾਂ, ਹਵਾਈ ਸੈਨਾ ਅਤੇ ਜਲ ਸੈਨਾ ਦਰਮਿਆਨ ਗੱਲਬਾਤ ਦੀਆਂ ਸ਼ਰਤਾਂ ਸ਼ਾਮਲ ਹਨ। ਭਾਰਤ ਤੇ ਫਿਲੀਪੀਨਜ਼ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਨ। ਇਸ ਮੌਕੇ ਮੋਦੀ ਅਤੇ ਮਾਰਕੋਸ ਨੇ ਇੱਕ ਡਾਕ ਟਿਕਟ ਵੀ ਜਾਰੀ ਕੀਤੀ।
ਭਾਰਤ ਦੱਖਣੀ ਚੀਨ ਸਾਗਰ ਵਿੱਚ ਸਥਾਈ ਸ਼ਾਂਤੀ ਦੇ ਹੱਕ ’ਚ
ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਦੱਖਣੀ ਚੀਨ ਸਾਗਰ ਬਾਰੇ ਭਾਰਤ ਦਾ ਰੁਖ਼ ਸਪੱਸ਼ਟ ਤੇ ਅਟੱਲ ਰਿਹਾ ਹੈ ਅਤੇ ਉਹ ਇਸਨੂੰ ਆਲਮੀ ਸਾਂਝਾ ਖੇਤਰ ਮੰਨਦਾ ਹੈ। ਫਿਲਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਆਰ ਮਾਰਕੋਸ ਜੂਨੀਅਰ ਦੀ ਮੌਜੂਦਾ ਭਾਰਤ ਫੇਰੀ ਸਬੰਧੀ ਇੱਥੇ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਦੇ ਸਕੱਤਰ (ਪੂਰਬ) ਪੀ ਕੁਮਾਰਨ ਨੇ ਕਿਹਾ ਕਿ ਇਸ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਵਿੱਚ ਭਾਰਤ ਦੀ ਪੂਰੀ ਦਿਲਚਸਪੀ ਹੈ। ਕੁਮਾਰਨ ਤੋਂ ਫਿਲਪੀਨਜ਼ ਦੇ ਤੱਟ ਨੇੜੇ ਹਾਲ ਹੀ ਵਿੱਚ ਹੋਏ ਭਾਰਤ-ਫਿਲਪੀਨਜ਼ ਦੁਵੱਲੇ ਜਲ ਸੈਨਾ ਅਭਿਆਸ ਬਾਰੇ ਪੁੱਛਿਆ ਗਿਆ। ਰਿਪੋਰਟਾਂ ਅਨੁਸਾਰ, ਇਹ ਮਸ਼ਕਾਂ ਦੱਖਣੀ ਚੀਨ ਸਾਗਰ ਦੇ ਕੁਝ ਹਿੱਸਿਆਂ ਵਿੱਚ ਵੀ ਹੋਈਆਂ ਸਨ। -ਪੀਟੀਆਈ