ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਮਦਨ ਕਰ ਬਿੱਲ ਤੇ ਕੌਮੀ ਖੇਡ ਬਿੱਲ ਸੰਸਦ ’ਚ ਪਾਸ

ਵਿਰੋਧੀ ਧਿਰ ਦੀ ਗ਼ੈਰਹਾਜ਼ਰੀ ’ਚ ਸਰਕਾਰ ਨੇ ਕੀਤੀ ਬਿੱਲਾਂ ’ਤੇ ਚਰਚਾ
Advertisement

ਸੰਸਦ ਨੇ ਅੱਜ ਆਮਦਨ ਕਰ ਬਿੱਲ ਤੇ ਕੌਮੀ ਖੇਡ ਸ਼ਾਸਨ ਬਿੱਲ ਪਾਸ ਕਰ ਦਿੱਤੇ ਹਨ। ਇਨ੍ਹਾਂ ਬਿੱਲਾਂ ’ਤੇ ਅੱਜ ਰਾਜ ਸਭਾ ’ਚ ਚਰਚਾ ਕੀਤੇ ਜਾਣ ਮਗਰੋਂ ਇਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਬਿੱਲ ਲੋਕ ਸਭਾ ’ਚ ਪਹਿਲਾਂ ਹੀ ਪਾਸ ਕੀਤੇ ਜਾ ਚੁੱਕੇ ਹਨ।

ਜਾਣਕਾਰੀ ਅਨੁਸਾਰ ਕੌਮਾਂਤਰੀ ਮੰਚ ’ਤੇ ਦੇਸ਼ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਨਿਖਾਰਨ ਲਈ ਲਿਆਂਦੇ ਗਏ ਕੌਮੀ ਖੇਡ ਸ਼ਾਸਨ ਬਿੱਲ, 2025 ਅਤੇ ਕੌਮੀ ਡੋਪਿੰਗ ਰੋਕੂ (ਸੋਧ) ਬਿੱਲ, 2025 ਅੱਜ ਸੰਸਦ ਦੇ ਉਪਰਲੇ ਸਦਨ ’ਚ ਪੇਸ਼ ਕੀਤੇ ਗਏ, ਜਿੱਥੇ ਇਨ੍ਹਾਂ ਨੂੰ ਸੰਖੇਪ ਚਰਚਾ ਮਗਰੋਂ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਦੇ ਕਾਨੂੰਨ ਦਾ ਰੂਪ ਲੈਣ ਤੋਂ ਬਾਅਦ ਖੇਡ ਦੇ ਮੈਦਾਨ ’ਚ ਮਾਣ ਹਾਸਲ ਕਰਨ ਦਾ ਦੇਸ਼ ਦਾ ਸੁਫਨਾ ਪੂਰਾ ਹੋਵੇਗਾ। ਇਸੇ ਤਰ੍ਹਾਂ ਰਾਜ ਸਭਾ ਨੇ ਅੱਜ ਆਮਦਨ ਕਰ ਬਿੱਲ, 2025 ਤੇ ਟੈਕਸੇਸ਼ਨ ਕਾਨੂੰਨ (ਸੋਧ) ਬਿੱਲ, 2025 ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਦੇ ਪਾਸ ਹੋਣ ਨਾਲ ਦੇਸ਼ ’ਚ ਟੈਕਸ ਸਬੰਧੀ ਨਿਯਮਾਂ ਨੂੰ ਸਰਲ ਬਣਾਉਣ ’ਚ ਮਦਦ ਮਿਲੇਗੀ। ਰਾਜ ਸਭਾ ’ਚ ਇਨ੍ਹਾਂ ਦੋਵਾਂ ਬਿੱਲਾਂ ’ਤੇ ਸਾਂਝੀ ਚਰਚਾ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਜਵਾਬ ਮਗਰੋਂ ਇਨ੍ਹਾਂ ਬਿੱਲਾਂ ਨੂੰ ਜ਼ੁਬਾਨੀ ਵੋਟਾਂ ਨਾਲ ਲੋਕ ਸਭਾ ਨੂੰ ਮੋੜ ਦਿੱਤਾ ਗਿਆ। ਨਵਾਂ ਆਮਦਨ ਬਿੱਲ, 1961 ਦੇ ਆਮਦਨ ਕਰ ਕਾਨੂੰਨ ਦੀ ਥਾਂ ਲਵੇਗਾ। ਰਾਜ ਸਭਾ ’ਚ ਇਨ੍ਹਾਂ ਬਿੱਲਾਂ ’ਤੇ ਚਰਚਾ ਸਮੇਂ ਵਿਰੋਧੀ ਧਿਰ ਦੇ ਸੰਸਦ ਮੈਂਬਰ ਹਾਜ਼ਰ ਨਹੀਂ ਸਨ ਕਿਉਂਕਿ ਉਹ ਐੱਸਆਈਆਰ ਦੇ ਮੁੱਦੇ ’ਤੇ ਵਾਕਆਊਟ ਕਰ ਗਏ ਸਨ।

Advertisement

ਲੋਕ ਸਭਾ ਦੀ ਕਾਰਵਾਈ 18 ਤੱਕ ਮੁਲਤਵੀ

ਨਵੀਂ ਦਿੱਲੀ: ਲੋਕ ਸਭਾ ’ਚ ਅੱਜ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ (ਐੱਸਆਈਆਰ) ਦੇ ਮੁੱਦੇ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਵਿਚਾਲੇ ਦੋ ਬਿੱਲ ਪਾਸ ਕੀਤੇ ਗਏ ਅਤੇ ਸਦਨ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕੀਤੇ ਜਾਣ ਮਗਰੋਂ 18 ਅਗਸਤ ਨੂੰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ ਹੀ ਸਦਨ ’ਚ ਖਾਣਾਂ ਤੇ ਖਣਿਜ (ਵਿਕਾਸ ਤੇ ਰੈਗੁਲੇਸ਼ਨ) ਸੋਧ ਬਿੱਲ 2025 ਤੇ ਭਾਰਤੀ ਬੰਦਰਗਾਹ ਬਿੱਲ, 2025 ਨੂੰ ਸੰਖੇਪ ਚਰਚਾ ਤੋਂ ਬਾਅਦ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਇਸੇ ਵਿਚਾਲੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਨਸੋਲਵੈਂਸੀ ਤੇ ਬੈਂਕਰਪਸੀ ਕੋਡ ’ਚ ਸੋਧ ਸਬੰਧੀ ਬਿੱਲ ਲੋਕ ਸਭਾ ’ਚ ਪੇਸ਼ ਕਰਦਿਆਂ ਇਸ ਨੂੰ ਪੜਤਾਲ ਲਈ ਸਿਲੈਕਟ ਕਮੇਟੀ ਕੋਲ ਭੇਜਣ ਲਈ ਕਿਹਾ ਜਿਸ ਨੂੰ ਸਦਨ ਨੇ ਪ੍ਰਵਾਨਗੀ ਦੇ ਦਿੱਤੀ। -ਪੀਟੀਆਈ

Advertisement