ਦੇਸ਼ ’ਚ ‘ਸੁਧਾਰ ਐਕਸਪ੍ਰੈੱਸ’ ਚੱਲ ਰਹੀ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਈ ਵੀ ਕਾਨੂੰਨ ਕਿਸੇ ਵੀ ਨਾਗਰਿਕ ਉੱਤੇ ਬੋਝ ਨਹੀਂ ਹੋਣਾ ਚਾਹੀਦਾ ਅਤੇ ਨਿਯਮ ਤੇ ਕਾਨੂੰਨ ਹਮੇਸ਼ਾ ਲੋਕਾਂ ਦੀ ਸਹੂਲਤ ਲਈ ਹੋਣੇ ਚਾਹੀਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਤੀਜੇ ਕਾਰਜਕਾਲ ’ਚ ਸਰਕਾਰ ਦੀ ਤਰਜੀਹ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਣਾ ਹੈ। ਇੱਥੇ ਐੱਨ ਡੀ ਏ ਸੰਸਦੀ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਦੇਸ਼ ਹੁਣ ਪੂਰੇ ‘ਸੁਧਾਰ ਐਕਸਪ੍ਰੈੱਸ’ ਦੇ ਪੜਾਅ ਵਿੱਚ ਹੈ, ਜਿੱਥੇ ਸੁਧਾਰ ਤੇਜ਼ੀ ਨਾਲ ਅਤੇ ਸਪੱਸ਼ਟ ਇਰਾਦੇ ਨਾਲ ਹੋ ਰਹੇ ਹਨ। ਸਰਕਾਰ ਦੇ ਸੁਧਾਰ ਪੂਰੀ ਤਰ੍ਹਾਂ ਨਾਗਰਿਕ-ਕੇਂਦਰਿਤ ਹਨ, ਇਹ ਸਿਰਫ਼ ਆਰਥਿਕ ਜਾਂ ਮਾਲੀਆ-ਕੇਂਦਰਿਤ ਨਹੀਂ ਹਨ। ਇਨ੍ਹਾਂ ਦਾ ਟੀਚਾ ਲੋਕਾਂ ਦੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਦੂਰ ਕਰਨਾ ਹੈ ਤਾਂ ਜੋ ਉਹ ਪੂਰੀ ਸਮਰੱਥਾ ਨਾਲ ਤਰੱਕੀ ਕਰ ਸਕਣ।
ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਮੈਂਬਰਾਂ ਨੂੰ ਚੰਗੇ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਸਭ ਤੋਂ ਅਹਿਮ ਮੁੱਦਾ ‘ਸੁਧਾਰ ਐਕਸਪ੍ਰੈੱਸ’ ਹੈ। ਉਨ੍ਹਾਂ ਕਿਹਾ, ‘‘ਮੈਂ ਇਸ ਗੱਲ ’ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਨਰਿੰਦਰ ਮੋਦੀ ਸਰਕਾਰ ਦੀ ‘ਸੁਧਾਰ ਐਕਸਪ੍ਰੈੱਸ’ ਚੱਲ ਰਹੀ ਹੈ। ਇਹ ਰੁਕੇਗੀ ਨਹੀਂ। ਇਹ ਸੁਧਾਰ ਹਰ ਨਾਗਰਿਕ ਦੀ ਜ਼ਿੰਦਗੀ ਬਦਲਣ ਲਈ ਹਨ। ਜਦੋਂ ਅਸੀਂ ਸੁਧਾਰ ਦੀ ਗੱਲ ਕਰਦੇ ਹਾਂ ਤਾਂ ਕੁਝ ਲੋਕ ਇਸ ਨੂੰ ਆਰਥਿਕ ਸੁਧਾਰ ਮੰਨਣਗੇ, ਕੁਝ ਲੋਕ ਇਸ ਨੂੰ ਰਾਜਨੀਤਕ ਸੁਧਾਰ, ਪ੍ਰਸ਼ਾਸਨਿਕ ਸੁਧਾਰ ਜਾਂ ਸੱਭਿਆਚਾਰਕ ਸੁਧਾਰ ਮੰਨਣਗੇ।’’
