ਜਸਟਿਸ ਵਰਮਾ ਖ਼ਿਲਾਫ਼ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਖ਼ਿਲਾਫ਼ 146 ਸੰਸਦ ਮੈਂਬਰਾਂ ਦੇ ਦਸਤਖ਼ਤਾਂ ਵਾਲੀ ਤਜਵੀਜ਼ ਅੱਜ ਸਵੀਕਾਰ ਕਰਦਿਆਂ ਦੋਸ਼ਾਂ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਇਸ ਦੇ ਨਾਲ ਹੀ ਜਸਟਿਸ ਵਰਮਾ ਖ਼ਿਲਾਫ਼ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਸਪੀਕਰ ਬਿਰਲਾ ਨੇ ਕਮੇਟੀ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਜਸਟਿਸ ਵਰਮਾ ਖ਼ਿਲਾਫ਼ ਦੋਸ਼ ਗੰਭੀਰ ਹਨ, ਇਸ ਲਈ ਉਨ੍ਹਾਂ ਨੂੰ ਜੱਜ ਦੇ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋਣੀ ਚਾਹੀਦੀ ਹੈ।
ਸੁਪਰੀਮ ਕੋਰਟ ਦੇ ਜਸਟਿਸ ਅਰਵਿੰਦ ਕੁਮਾਰ, ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਮਨਿੰਦਰ ਮੋਹਨ ਸ੍ਰੀਵਾਸਤਵ ਅਤੇ ਕਰਨਾਟਕ ਹਾਈ ਕੋਰਟ ਦੇ ਸੀਨੀਅਰ ਵਕੀਲ ਬੀ ਵੀ ਆਚਾਰੀਆ ਜਸਟਿਸ ਵਰਮਾ ਖ਼ਿਲਾਫ਼ ਦੋਸ਼ਾਂ ਦੀ ਜਾਂਚ ਕਰਨਗੇ। ਬਿਰਲਾ ਨੇ ਕਿਹਾ, ‘‘ਕਮੇਟੀ ਆਪਣੀ ਰਿਪੋਰਟ ਜਲਦੀ ਤੋਂ ਜਲਦੀ ਸੌਂਪੇਗੀ। (ਜਸਟਿਸ ਵਰਮਾ ਨੂੰ ਹਟਾਉਣ ਦੀ) ਤਜਵੀਜ਼ ਜਾਂਚ ਕਮੇਟੀ ਦੀ ਰਿਪੋਰਟ ਆਉਣ ਤੱਕ ਮੁਲਤਵੀ ਰਹੇਗੀ।’’ ਬਿਰਲਾ ਨੇ ਕਿਹਾ ਕਿ ਉਨ੍ਹਾਂ ਨੂੰ 21 ਜੁਲਾਈ ਨੂੰ ਰਵੀਸ਼ੰਕਰ ਪ੍ਰਸਾਦ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ 146 ਲੋਕ ਸਭਾ ਮੈਂਬਰਾਂ ਤੋਂ ਜਸਟਿਸ ਵਰਮਾ ਨੂੰ ਹਟਾਉਣ ਦੀ ਮੰਗ ਸਬੰਧੀ ਤਜਵੀਜ਼ ਮਿਲੀ ਸੀ। ਜਸਟਿਸ ਵਰਮਾ ਦੀ ਅਧਿਕਾਰਿਤ ਰਿਹਾਇਸ਼ ’ਤੇ 14 ਮਾਰਚ ਨੂੰ ਸੜੇ ਹੋਏ ਨੋਟ ਮਿਲਣ ਮਗਰੋਂ
ਉਨ੍ਹਾਂ ਨੂੰ ਦਿੱਲੀ ਹਾਈ ਕੋਰਟ ਤੋਂ ਅਲਾਹਾਬਾਦ ਹਾਈ ਕੋਰਟ ਵਾਪਸ ਭੇਜ ਦਿੱਤਾ ਗਿਆ ਸੀ।
ਹੇਠਲਾ ਸਦਨ ਇਕ ਵਾਰ ਕਾਰਵਾਈ ਮੁਲਤਵੀ ਕੀਤੇ ਜਾਣ ਮਗਰੋਂ ਦੁਪਹਿਰ 12 ਵਜੇ ਮੁੜ ਜੁੜਿਆ ਤਾਂ ਸਪੀਕਰ ਓਮ ਬਿਰਲਾ ਨੇ ਸਦਨ ਨੂੰ ਸੰਬੋਧਨ ਕਰਦਿਆਂ ਜਸਟਿਸ ਵਰਮਾ ਖ਼ਿਲਾਫ਼ ਦੋਸ਼ਾਂ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਐਲਾਨ ਕੀਤਾ। ਸਪੀਕਰ ਨੇ ਸਦਨ ਨੂੰ ਦੱਸਿਆ ਕਿ ਮਹਾਦੋਸ਼ ਦੀ ਤਜਵੀਜ਼ ਨੂੰ ਉਦੋਂ ਤੱਕ ਮੁਲਤਵੀ ਰੱਖਿਆ ਜਾਵੇਗਾ ਜਦੋਂ ਤੱਕ ਕਮੇਟੀ ਆਪਣੀ ਰਿਪੋਰਟ ਪੇਸ਼ ਨਹੀਂ ਕਰ ਦਿੰਦੀ। ਮੌਨਸੂਨ ਇਜਲਾਸ ਦੇ ਪਹਿਲੇ ਦਿਨ 21 ਜੁਲਾਈ ਨੂੰ ਕਈ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚ ਜਸਟਿਸ ਯਸ਼ਵੰਤ ਵਰਮਾ ਨੂੰ ਹਟਾਉਣ ਦੀ ਮੰਗ ਕੀਤੀ ਸੀ।
ਸੰਵਿਧਾਨ ਦੇ ਆਰਟੀਕਲ 124, 217 ਅਤੇ 218 ਦੇ ਤਹਿਤ ਜਸਟਿਸ ਵਰਮਾ ਵਿਰੁੱਧ ਮਹਾਦੋਸ਼ ਤਜਵੀਜ਼ ’ਤੇ ਕੁੱਲ 146 ਲੋਕ ਸਭਾ ਮੈਂਬਰਾਂ ਨੇ ਦਸਤਖਤ ਕੀਤੇ ਸਨ। ਭਾਜਪਾ, ਕਾਂਗਰਸ, ਟੀਡੀਪੀ, ਜੇਡੀਯੂ, ਜੇਡੀ(ਐੱਸ), ਜਨ ਸੈਨਾ ਪਾਰਟੀ, ਏਜੀਪੀ, ਸ਼ਿਵ ਸੈਨਾ (ਸ਼ਿੰਦੇ) ਅਤੇ ਸੀਪੀਐੱਮ ਸਮੇਤ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਮੈਮੋਰੰਡਮ ’ਤੇ ਦਸਤਖਤ ਕੀਤੇ ਹਨ।
ਮੈਮੋਰੰਡਮ ’ਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਭਾਜਪਾ ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ, ਰਵੀ ਸ਼ੰਕਰ ਪ੍ਰਸਾਦ ਅਤੇ ਰਾਜੀਵ ਪ੍ਰਤਾਪ ਰੂਡੀ, ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਐੱਨਸੀਪੀ (ਐੱਸਪੀ) ਦੀ ਸੁਪ੍ਰਿਆ ਸੂਲੇ ਸ਼ਾਮਲ ਹਨ। ਲੋਕ ਸਭਾ ਸਪੀਕਰ ਵੱਲੋਂ ਗਠਿਤ ਜਾਂਚ ਪੈਨਲ ਜਸਟਿਸ ਵਰਮਾ ਦੀ ਦਿੱਲੀ ਵਿਚਲੇ ਘਰ ’ਚੋਂ ਨਕਦੀ ਦੀ ਵਸੂਲੀ ਨਾਲ ਸਬੰਧਤ ਮਾਮਲੇ ਦੀ ਜਾਂਚ ਕਰੇਗਾ।