ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਸਦ ’ਚ ਅਡਾਨੀ ਅਤੇ ਸੰਭਲ ਮੁੱਦਿਆਂ ’ਤੇ ਅੜਿੱਕਾ ਕਾਇਮ

ਸਰਦ ਰੁੱਤ ਇਜਲਾਸ ਦੇ ਪਹਿਲੇ ਹਫ਼ਤੇ ਲੋਕ ਸਭਾ ਅਤੇ ਰਾਜ ਸਭਾ ’ਚ ਨਹੀਂ ਹੋ ਸਕਿਆ ਅਹਿਮ ਵਿਧਾਨਕ ਕੰਮਕਾਰ
ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ ’ਚ ਨਾਅਰੇਬਾਜ਼ੀ ਕਰਦੇ ਹੋਏ ਸੰਸਦ ਮੈਂਬਰ। -ਫੋਟੋ: ਏਐੱਨਆਈ
Advertisement

* ਵਿਰੋਧੀ ਧਿਰਾਂ ਦੇ ਰੌਲੇ-ਰੱਪੇ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ

ਨਵੀਂ ਦਿੱਲੀ, 29 ਨਵੰਬਰ

Advertisement

ਅਡਾਨੀ ਗਰੁੱਪ ’ਤੇ ਲੱਗੇ ਦੋਸ਼ਾਂ ਅਤੇ ਸੰਭਲ ਹਿੰਸਾ ਸਮੇਤ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਸੰਸਦ ਦੇ ਦੋਵੇਂ ਸਦਨਾਂ ’ਚ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਸ਼ੁੱਕਰਵਾਰ ਨੂੰ ਵੀ ਅੜਿੱਕਾ ਕਾਇਮ ਰਿਹਾ। ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਕੁਝ ਹੀ ਮਿੰਟ ਬਾਅਦ ਜਦਕਿ ਲੋਕ ਸਭਾ ਇਕ ਵਾਰ ਮੁਲਤਵੀ ਹੋਣ ਮਗਰੋਂ ਬਾਅਦ ਦੁਪਹਿਰ 12 ਵਜੇ ਕੇ 10 ਮਿੰਟ ’ਤੇ ਦਿਨ ਭਰ ਲਈ ਉਠਾ ਦਿੱਤੀ ਗਈ। ਸੰਸਦ ਦੇ ਦੋਵੇਂ ਸਦਨ ਹੁਣ ਸੋਮਵਾਰ ਸਵੇਰੇ 11 ਵਜੇ ਜੁੜਨਗੇ। ਸੰਸਦ ਦੇ ਸਰਦ ਰੁੱਤ ਇਜਲਾਸ ਦਾ ਆਗ਼ਾਜ਼ 25 ਨਵੰਬਰ ਨੂੰ ਹੋਇਆ ਸੀ ਅਤੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਪਹਿਲੇ ਹਫ਼ਤੇ ਦੋਵੇਂ ਸਦਨਾਂ ’ਚ ਕੋਈ ਵੀ ਅਹਿਮ ਵਿਧਾਨਕ ਕੰਮਕਾਰ ਨਹੀਂ ਹੋ ਸਕਿਆ ਹੈ।

ਹੇਠਲੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਸਾਰ ਹੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਜਿਵੇਂ ਹੀ ਪ੍ਰਸ਼ਨਕਾਲ ਆਰੰਭ ਕਰਾਉਣਾ ਚਾਹਿਆ ਤਾਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਮੈਂਬਰ ਉਨ੍ਹਾਂ ਦੇ ਆਸਣ ਨੇੜੇ ਆ ਕੇ ਨਾਅਰੇਬਾਜ਼ੀ ਕਰਨ ਲੱਗ ਪਏ। ਕਾਂਗਰਸ ਮੈਂਬਰ ਅਡਾਨੀ ਗਰੁੱਪ ਨਾਲ ਜੁੜਿਆ ਮਾਮਲਾ ਜਦਕਿ ਸਮਾਜਵਾਦੀ ਪਾਰਟੀ ਦੇ ਆਗੂ ਸੰਭਲ ਹਿੰਸਾ ਦਾ ਮੁੱਦਾ ਚੁੱਕਦੇ ਦੇਖੇ ਗਏ। ਹੰਗਾਮੇ ਦੌਰਾਨ ਹੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਢਾ ਨੇ ਕੁਝ ਪੂਰਕ ਸਵਾਲਾਂ ਦੇ ਜਵਾਬ ਵੀ ਦਿੱਤੇ। ਹੰਗਾਮਾ ਨਾ ਰੁਕਣ ’ਤੇ ਸਪੀਕਰ ਨੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਦੁਪਹਿਰ 12 ਵਜੇ ਸਦਨ ਜਦੋਂ ਮੁੜ ਜੁੜਿਆ ਤਾਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਰੌਲਾ-ਰੱਪਾ ਜਾਰੀ ਰੱਖਿਆ ਜਿਸ ’ਤੇ ਸਦਨ ਦੀ ਕਾਰਵਾਈ ਚਲਾ ਰਹੇ ਦਿਲੀਪ ਸੈਕੀਆ ਨੇ ਕਰੀਬ 12 ਵਜ ਕੇ 10 ਮਿੰਟ ’ਤੇ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ। ਉਧਰ ਰਾਜ ਸਭਾ ’ਚ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਸਾਰ ਹੀ ਚੇਅਰਮੈਨ ਜਗਦੀਪ ਧਨਖੜ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਖ ਵੱਖ ਮੁੱਦਿਆਂ ’ਤੇ ਨਿਯਮ 267 ਤਹਿਤ ਚਰਚਾ ਲਈ ਕੁੱਲ 17 ਨੋਟਿਸ ਮਿਲੇ ਹਨ ਪਰ ਉਹ ਉਨ੍ਹਾਂ ਨੂੰ ਅਸਵੀਕਾਰ ਕਰਦੇ ਹਨ। ਕਾਂਗਰਸ ਦੇ ਪ੍ਰਮੋਦ ਤਿਵਾੜੀ, ਰੰਜੀਤ ਰੰਜਨ, ਅਨਿਲ ਕੁਮਾਰ ਯਾਦਵ, ਦਿਗਵਿਜੈ ਸਿੰਘ, ਵਿਵੇਕ ਤਨਖ਼ਾ, ਰਜਨੀ ਪਾਟਿਲ, ਜੇਬੀ ਮਾਥੇਰ ਹਿਸ਼ਾਮ, ਅਖਿਲੇਸ਼ ਪ੍ਰਤਾਪ ਸਿੰਘ ਅਤੇ ਸੱਯਦ ਨਾਸਿਰ ਹੁਸੈਨ ਨੇ ਅਡਾਨੀ ਗਰੁੱਪ ਖ਼ਿਲਾਫ਼ ਭ੍ਰਿਸ਼ਟਾਚਾਰ ਸਬੰਧੀ ਚਰਚਾ ਲਈ ਨੋਟਿਸ ਦਿੱਤੇ ਸਨ। -ਪੀਟੀਆਈ

ਬਿਰਲਾ ਨੇ ਲੋਕ ਸਭਾ ਚਲਾਉਣ ਲਈ ਮੈਂਬਰਾਂ ਤੋਂ ਸਹਿਯੋਗ ਮੰਗਿਆ

ਸਪੀਕਰ ਓਮ ਬਿਰਲਾ ਨੇ ਲੋਕ ਸਭਾ ’ਚ ਨਾਅਰੇਬਾਜ਼ੀ ਕਰ ਰਹੇ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਕਿਹਾ, ‘‘ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਸਦਨ ਚੱਲੇ। ਕਈ ਵਿਦਵਾਨਾਂ ਨੇ ਲਿਖਿਆ ਹੈ ਕਿ ਸੰਸਦ ਚਲਣੀ ਚਾਹੀਦੀ ਹੈ, ਚਰਚਾ ਅਤੇ ਸੰਵਾਦ ਹੋਣਾ ਚਾਹੀਦਾ ਹੈ। ਸਹਿਮਤੀ ਅਤੇ ਅਸਹਿਮਤੀ ਸਾਡੇ ਲੋਕਤੰਤਰ ਦੀ ਤਾਕਤ ਹੈ। ਮੈਂ ਬੇਨਤੀ ਕਰਦਾ ਹਾਂ ਕਿ ਲੋਕਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੀਆਂ ਆਸਾਂ ਤੇ ਖਾਹਿਸ਼ਾਂ ਮੁਤਾਬਕ ਤੁਸੀਂ ਸਦਨ ਚਲਾਉਣ ’ਚ ਸਹਿਯੋਗ ਕਰੋ।’’ ਉਨ੍ਹਾਂ ਇਹ ਵੀ ਕਿਹਾ ਕਿ ਮੈਂਬਰਾਂ ਨੂੰ ਹਰ ਵਿਸ਼ੇ ’ਤੇ ਨੇਮਾਂ ਅਤੇ ਪ੍ਰਕਿਰਿਆਵਾਂ ਤਹਿਤ ਚਰਚਾ ਕਰਨ ਦਾ ਉਹ ਪੂਰਾ ਮੌਕਾ ਦੇਣਗੇ।

ਮੈਂਬਰ ਨਿਯਮ 267 ਨੂੰ ਹਥਿਆਰ ਬਣਾ ਰਹੇ ਨੇ: ਧਨਖੜ

ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਮੈਂਬਰ ਮੁੱਦਿਆਂ ਨੂੰ ਰੋਜ਼ ਚੁੱਕ ਰਹੇ ਹਨ ਅਤੇ ਹੰਗਾਮੇ ਕਾਰਨ ਸਦਨ ਦੇ ਤਿੰਨ ਕੰਮਕਾਜੀ ਦਿਨ ਬਰਬਾਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਂਬਰ ਸਦਨ ਦੀ ਕਾਰਵਾਈ ’ਚ ਅੜਿੱਕੇ ਡਾਹੁਣ ਲਈ ਨਿਯਮ 267 ਨੂੰ ਹਥਿਆਰ ਬਣਾ ਰਹੇ ਹਨ। ਉਨ੍ਹਾਂ ਮੈਂਬਰਾਂ ਦੇ ਵਿਹਾਰ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ ਵਿਚਾਰ ਕਰਨ ਦੀ ਸਲਾਹ ਦਿੱਤੀ। ਧਨਖੜ ਦੀ ਇਸ ਟਿੱਪਣੀ ’ਤੇ ਵਿਰੋਧੀ ਮੈਂਬਰਾਂ ਨੇ ਇਤਰਾਜ਼ ਜਤਾਉਂਦਿਆਂ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ’ਤੇ ਚੇਅਰਮੈਨ ਨੇ 11 ਵੱਜ ਕੇ 13 ਮਿੰਟ ’ਤੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾਅ ਦਿੱਤੀ।

Advertisement
Show comments