ਮੋਂਥਾ ਦਾ ਅਸਰ: ਤਿਲੰਗਾਨਾ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ
ਤਿਲੰਗਾਨਾ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਖ਼ਤਰਨਾਕ ਚੱਕਰਵਾਤੀ ਤੂਫਾਨ ‘ਮੋਂਥਾ’ ਦੇ ਅਸਰ ਨਾਲ ਮੋਹਲੇਧਾਰ ਮੀਂਹ ਪਿਆ। ਇਹ ਤੂਫਾਨ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼ ਦੇ ਤੱਟ ਤੋਂ ਲੰਘੀ ਰਾਤ ਲੰਘਿਆ ਸੀ। ‘ਮੋਂਥਾ’ ਸ਼ਬਦ ਦਾ ਅਰਥ ਥਾਈ ਭਾਸ਼ਾ ਵਿੱਚ ‘ਮਹਿਕਣ ਵਾਲਾ ਫੁੱਲ’ ਹੁੰਦਾ ਹੈ।
ਤਿਲੰਗਾਨਾ ਵਿੱਚ ਵਾਰੰਗਲ, ਜੰਗਾਓਂ, ਹਨੂੰਮਾਨਕੋਂਡਾ, ਮਹਿਬੂਬਾਬਾਦ, ਕਰੀਮਨਗਰ, ਸਿੱਧੀਪੇਟ, ਯਾਦਰਾਦੀ ਭੁਵਨਾਗਿਰੀ, ਸੂਰਿਆਪੇਟ, ਨਲਗੋਂਡਾ, ਖੰਮਾਮ, ਭਦਰਾਦੀ ਕੋਠਾਗੁਡੇਮ, ਨਾਗਰਕਰਨੂਲ ਅਤੇ ਪੈਦਾਪੱਲੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ ਜਦਕਿ ਹੈਦਰਾਬਾਦ ’ਚ ਵੀ ਤੇਜ਼ ਮੀਂਹ ਪਿਆ। ਸੂਰਿਆਪੇਟ ਜ਼ਿਲ੍ਹੇ ’ਚ ਸੜਕ ਕੰਢੇ ਇਕ ਦਰੱਖਤ ਡਿੱਗਣ ਕਾਰਨ ਇਕ 48 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਕਈ ਇਲਾਕਿਆਂ ’ਚ ਪਾਣੀ ਭਰ ਗਿਆ।
ਤਿਲੰਗਾਨਾ ਡਿਵੈਲਪਮੈਂਟ ਪਲਾਨਿੰਗ ਸੁਸਾਇਟੀ ਮੁਤਾਬਕ, ਵਾਰੰਗਲ ਜ਼ਿਲ੍ਹੇ ਦੇ ਕੱਲੇਦਾ ’ਚ 348.3 ਮਿਲੀਮੀਟਰ, ਰੇਡਲਵਾੜਾ ਵਿੱਚ 301.8 ਮਿਲੀਮੀਟਰ ਅਤੇ ਕਪੁਲਾਕਨਪਾਰਥੀ ’ਚ 270.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਉੱਧਰ, ਹਨੂੰਮਾਨਕੋਂਡਾ ਜ਼ਿਲ੍ਹੇ ਦੇ ਭੀਮਦੇਵਰਪੱਲੀ ਵਿੱਚ 253.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਨੇ ਵਾਰੰਗਲ, ਹਨੂੰਮਾਨਕੋਂਡਾ, ਮਹਿਬੂਬਾਬਾਦ, ਜੰਗਾਓਂ, ਸਿੱਧੀਪੇਟ, ਯਦਾਦਰੀ ਭੁਵਨਾਗਿਰ, ਰਾਜੰਨਾ ਸਿਰਕਿਲਾ ਅਤੇ ਕਰੀਮਨਗਰ ਜ਼ਿਲ੍ਹਿਆਂ ’ਚ ਕੁਝ ਥਾਵਾਂ ’ਤੇ ਭਾਰੀ ਤੋਂ ਅਤਿ ਭਾਰੀ ਮੀਂਹ ਦੇ ਨਾਲ ਗਰਜ-ਚਮਕ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਮੁਤਾਬਕ, ਰੈੱਡ ਅਲਰਟ ਦਾ ਮਤਲਬ ਹੈ ਕਿ 24 ਘੰਟਿਆਂ ਦੇ ਸਮੇਂ ਵਿੱਚ 20 ਸੈਂਟੀਮੀਟਰ ਤੋਂ ਵੱਧ ਮੀਂਹ ਪੈ ਸਕਦਾ ਹੈ। ਤਿਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਨੇ ਅੱਜ ਚੱਕਰਵਾਤ ‘ਮੋਂਥਾ’ ਕਾਰਨ ਪਏ ਭਾਰੀ ਮੀਂਹ ਦੇ ਮੱਦੇਨਜ਼ਰ ਸੂਬੇ ਦੇ ਪ੍ਰਸ਼ਾਸਨ ਨੂੰ ਕਾਫੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਭਾਰੀ ਮੀਂਹ ਕਾਰਨ ਖੰਮਾਮ, ਭਦਰਾਦੀ ਕੋਠਾਗੁਡੇਮ ਅਤੇ ਮਹਿਬੂਬਾਬਾਦ ਜ਼ਿਲ੍ਹਿਆਂ ’ਚ ਸਾਰੀਆਂ ਸਿੱਖਿਆ ਸੰਸਥਾਵਾਂ ’ਚ ਛੁੱਟੀ ਐਲਾਨੀ ਗਈ। ਨਲਗੋਂਡਾ ਜ਼ਿਲ੍ਹੇ ਦੇ ਕੋਮਾਪੱਲੀ ਸਥਿਤ ਸੂਬੇ ਵੱਲੋਂ ਸੰਚਾਲਿਤ ਇਕ ਰਿਹਾਇਸ਼ੀ ਸਕੂਲ ’ਚ ਪਾਣੀ ਭਰਨ ਕਾਰਨ ਕਰੀਬ 500 ਵਿਦਿਆਰਥੀਆਂ ਤੇ 26 ਅਧਿਆਪਕਾਂ ਤੇ ਹੋਰ ਅਮਲੇ ਨੂੰ ਸੁਰੱਖਿਆ ਥਾਵਾਂ ’ਤੇ ਪਹੁੰਚਾਇਆ ਗਿਆ।
ਆਂਧਰਾ ਪ੍ਰਦੇਸ਼: ਤਿੰਨ ਮੌਤਾਂ, ਡੇਢ ਲੱਖ ਏਕੜ ਫਸਲ ਨੁਕਸਾਨੀ
ਅਮਰਾਵਤੀ/ਭੁਬਨੇਸ਼ਵਰ: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਮੋਂਥਾ ਕਾਰਨ ਲੰਘੀ ਰਾਤ ਸੂਬੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ, 1.50 ਏਕੜ ਤੋਂ ਵੱਧ ਰਕਬੇ ’ਚ ਖੜ੍ਹੀ ਫ਼ਸਲ ਨੁਕਸਾਨੀ ਗਈ ਅਤੇ ਬਿਜਲੀ ਤੇ ਆਵਾਜਾਈ ਪ੍ਰਭਾਵਿਤ ਹੋਈ। ਸਰਕਾਰ ਦਾ ਕਹਿਣਾ ਹੈ ਕਿ ਇਹਤਿਆਤੀ ਕਦਮ ਚੁੱਕੇ ਜਾਣ ਕਾਰਨ ਨੁਕਸਾਨ ਘੱਟ ਹੋਇਆ ਹੈ।
