ਆਈਆਈਟੀ ਖੜਗਪੁਰ: ਹੋਸਟਲ ਵਿੱਚ ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਲਈ ਬੈਠਣ ਦੇ ਪ੍ਰਬੰਧਾਂ ਵਾਲਾ ਨੋਟਿਸ ਵਾਪਸ ਲਿਆ
ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ ਖੜਗਪੁਰ ਨੇ ਹੋਸਟਲਾਂ ਦੇ ਡਾਈਨਿੰਗ ਹਾਲ ਵਿੱਚ ਸ਼ਾਕਾਹਾਰੀ ਅਤੇ ਮਾਸਾਹਾਰੀ ਖਾਣੇ ਦੀਆਂ ਆਦਤਾਂ ਅਤੇ ਪਸੰਦਾਂ ਦੇ ਆਧਾਰ ’ਤੇ ਬੈਠਣ ਦੇ ਪ੍ਰਬੰਧਾਂ ਵਾਲਾ ਨੋਟਿਸ ਵਾਪਸ ਲੈ ਲਿਆ ਹੈ।
ਅਧਿਕਾਰੀਆਂ ਨੇ ਸੰਕੇਤ ਦਿੱਤਾ ਕਿ ਬੀ.ਆਰ. ਅੰਬੇਡਕਰ ਹਾਲ ਵਿੱਚ ਅਜਿਹੇ ਬੈਠਣ ਦੇ ਪ੍ਰਬੰਧਾਂ ਨੂੰ ਵੱਖ ਕਰਨ ਬਾਰੇ ਨੋਟਿਸ ਉੱਚ ਅਧਿਕਾਰੀਆਂ ਦੀ ਜਾਣਕਾਰੀ ਤੋਂ ਬਿਨਾਂ ਜਾਰੀ ਕੀਤਾ ਗਿਆ ਸੀ। ਸੰਸਥਾ ਦੇ ਡਾਇਰੈਕਟਰ ਸੁਮਨ ਚੱਕਰਵਰਤੀ ਨੇ ਸ਼ੁੱਕਰਵਾਰ ਨੂੰ ਪੀਟੀਆਈ ਨੂੰ ਦੱਸਿਆ, ‘‘ਜਿਵੇਂ ਹੀ ਉਨ੍ਹਾਂ ਨੂੰ ਫੈਸਲੇ ਬਾਰੇ ਪਤਾ ਲੱਗਿਆ, ਸੰਸਥਾ ਦੇ ਉੱਚ ਅਧਿਕਾਰੀਆਂ ਨਾਲ ਤੁਰੰਤ ਸਲਾਹ-ਮਸ਼ਵਰੇ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ।’’
ਉਨ੍ਹਾਂ ਕਿਹਾ, ‘‘ਵਿਦਿਆਰਥੀਆਂ ਨੂੰ ਉਨ੍ਹਾਂ ਦੀ ਖਾਣੇ ਦੀ ਪਸੰਦ ਦੇ ਆਧਾਰ ’ਤੇ ਡਾਈਨਿੰਗ ਹਾਲ ਵਿੱਚ ਬੈਠਣ ਲਈ ਵੱਖ ਕਰਨ ਵਾਲਾ ਕੋਈ ਵੀ ਅਜਿਹਾ ਸੰਕੇਤ ਨਹੀਂ ਹੋਣਾ ਚਾਹੀਦਾ। ਅਸੀਂ ਹੁਕਮ ਦਿੱਤਾ ਹੈ ਕਿ ਅਜਿਹੇ ਸੰਕੇਤਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਜਾਵੇ।"
ਚੱਕਰਵਰਤੀ ਨੇ ਅੱਗੇ ਕਿਹਾ ਕਿ ਇੱਕ ਅਕਾਦਮਿਕ ਸੰਸਥਾ ਨੂੰ ਕਿਸੇ ਵਿਅਕਤੀ ਦੀ ਖਾਣੇ ਦੀ ਪਸੰਦ ਦੇ ਆਧਾਰ 'ਤੇ ਅਜਿਹਾ ਵੱਖ ਕਰਨ ਦਾ ਹੁਕਮ ਨਹੀਂ ਦੇਣਾ ਚਾਹੀਦਾ।
ਜ਼ਿਕਰਯੋਗ ਹੈ ਕਿ 16 ਅਗਸਤ ਨੂੰ ਬੀ.ਆਰ. ਅੰਬੇਡਕਰ ਹਾਲ ਦੇ ਬੋਰਡਰਾਂ ਨੂੰ ਇੱਕ ਨੋਟਿਸ ਵਿੱਚ ਸ਼ਾਕਾਹਾਰੀ ਅਤੇ ਮਾਸਾਹਾਰੀ ਖਾਣੇ ਲਈ ਵੱਖ-ਵੱਖ ਨਿਰਧਾਰਿਤ ਥਾਵਾਂ ਦੇ ਆਧਾਰ 'ਤੇ ਸੀਟਾਂ ਲੈਣ ਲਈ ਕਿਹਾ ਗਿਆ ਸੀ।
ਹਾਲਾਂਕਿ ਬੋਰਡਰਾਂ ਨੇ ਇਸ ਕਦਮ ਦੀ ਆਲੋਚਨਾ ਕੀਤੀ। 8 ਸਤੰਬਰ ਨੂੰ ਸੰਸਥਾ ਨੇ ਸਾਰੇ ਹਾਲ ਵਾਰਡਨਾਂ ਨੂੰ ਇੱਕ ਤਾਜ਼ਾ ਨੋਟਿਸ ਜਾਰੀ ਕਰਕੇ ਨਿਰਦੇਸ਼ ਦਿੱਤਾ ਕਿ ਸ਼ਾਕਾਹਾਰੀ, ਮਾਸਾਹਾਰੀ, ਜੈਨ ਅਤੇ ਹੋਰ ਸ਼੍ਰੇਣੀਆਂ ਦੇ ਮੈੱਸ ਦੇ ਖਾਣੇ ਨੂੰ ਸਿਰਫ਼ ਤਿਆਰੀ ਅਤੇ ਵੰਡ ਦੇ ਪੱਧਰ ’ਤੇ ਹੀ ਵੱਖ ਕੀਤਾ ਜਾਣਾ ਚਾਹੀਦਾ ਹੈ।