ਸ਼ਾਂਤੀ ਕਾਇਮ ਹੋਵੇ ਤਾਂ ਦੇਸ਼ ਨੂੰ ਕੋਈ ਨਹੀਂ ਹਰਾ ਸਕਦਾ: ਸ਼ਾਹਰੁਖ਼
ਅਦਾਕਾਰ ਸ਼ਾਹਰੁਖ ਖਾਨ ਨੇ ਅਤਿਵਾਦੀ ਹਮਲਿਆਂ ’ਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਮਤਭੇਦਾਂ ਤੋਂ ਉਪਰ ਉੱਠਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਇੱਥੇ ਸ਼ਾਂਤੀ ਹੈ ਤਾਂ ‘‘ਕੋਈ ਵੀ ਚੀਜ਼ ਭਾਰਤ ਨੂੰ ਹਿਲਾ ਜਾਂ ਹਰਾ ਨਹੀਂ ਸਕਦੀ ਅਤੇ ਨਾ ਹੀ ਦੇਸ਼ ਵਾਸੀਆਂ ਦਾ ਹੌਸਲਾ ਤੋੜ ਸਕਦੀ ਹੈ।’’
ਸ਼ਾਹਰੁਖ ਖਾਨ (60) ਨੇ ਇੱਥੇ ‘2025 ਗਲੋਬਲ ਪੀਸ ਆਨਰਜ਼ ਇਵੈਂਟ’ ਵਿੱਚ 26 ਨਵੰਬਰ 2008 ਨੂੰ ਹੋਏ ਮੁੰਬਈ ਹਮਲਿਆਂ, ਪਹਿਲਗਾਮ ਅਤਿਵਾਦੀ ਹਮਲੇ ਅਤੇ ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਧਮਾਕੇ ’ਚ ਜਾਨਾਂ ਗੁਆਉਣ ਵਾਲਿਆਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, ‘‘26/11 ਦਹਿਸ਼ਤੀ ਹਮਲੇ, ਪਹਿਲਗਾਮ ਦਹਿਸ਼ਤੀ ਹਮਲੇ ਅਤੇ ਹਾਲ ਹੀ ਵਿੱਚ ਦਿੱਲੀ ’ਚ ਹੋਏ ਧਮਾਕੇ ’ਚ ਜਾਨ ਗੁਆਉਣ ਵਾਲੇ ਬੇਸਕੂਰ ਲੋਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਇਨ੍ਹਾਂ ਹਮਲਿਆਂ ’ਚ ਸ਼ਹੀਦ ਹੋਏ ਸਾਡੇ ਬਹਾਦਰ ਜਵਾਨਾਂ ਨੂੰ ਨਮਨ ਕਰਦਾ ਹਾਂ।’’ ‘ਜਵਾਨ’ ਫਿਲਮ ਦੇ ਅਦਾਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਉਨ੍ਹਾਂ ਦੀ ਹਿੰਮਤ ਲਈ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਮੁਸ਼ਕਿਲ ਹਾਲਾਤ ’ਚ ਕਦੀ ਨਹੀਂ ਝੁਕਿਆ ਕਿਉਂਕਿ ਦੇਸ਼ ਦੀ ਤਾਕਤ ਏਕੇ ’ਚ ਹੈ। ਉਨ੍ਹਾਂ ਕਿਹਾ, ‘‘ਕੋਈ ਵੀ ਸਾਨੂੰ ਰੋਕ ਨਹੀਂ ਸਕਿਆ, ਹਰਾ ਨਹੀਂ ਸਕਿਆ ਜਾਂ ਸਾਡੀ ਸ਼ਾਂਤੀ ਨਹੀਂ ਖੋਹ ਸਕਿਆ ਕਿਉਂਕਿ ਜਦੋਂ ਤੱਕ ਦੇਸ਼ ਦੇ ਸੁਪਰ ਹੀਰੋ, ਵਰਦੀਧਾਰੀ ਲੋਕ ਮਜ਼ਬੂਤੀ ਨਾਲ ਖੜ੍ਹੇ ਰਹਿਣਗੇ, ਸਾਡੇ ਦੇਸ਼ ਦੀ ਸ਼ਾਂਤੀ ਤੇ ਸੁਰੱਖਿਆ ਬਣੀ ਰਹੇਗੀ।’’
ਫੜਨਵੀਸ ਨੇ 26/11 ਦੇ ਪੀੜਤਾਂ ਨੂੰ ਕੀਤਾ ਯਾਦ
ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੀਤੇ ਦਿਨ ਗੇਟਵੇਅ ਆਫ ਇੰਡੀਆ ’ਤੇ ਸਮਾਗਮ ਦੌਰਾਨ 26/11 ਅਤਿਵਾਦੀ ਹਮਲੇ ਦੇ ਪੀੜਤਾਂ ਨੂੰ ਯਾਦ ਕਰਦਿਆਂ ਕਿਹਾ ਕਿ ਜੇ ਭਾਰਤ ਨੇ ਨਵੰਬਰ 2008 ’ਚ ਮੁੰਬਈ ਅਤਿਵਾਦੀ ਹਮਲੇ ਮਗਰੋਂ ਅਪਰੇਸ਼ਨ ਸਿੰਧੂਰ ਜਿਹੀ ਕਾਰਵਾਈ ਕੀਤੀ ਹੁੰਦੀ ਤਾਂ ਕੋਈ ਵੀ ਦੇਸ਼ ਨੂੰ ਮੁੜ ਨਿਸ਼ਾਨਾ ਬਣਾਉਣ ਦੀ ਹਿੰਮਤ ਨਾ ਕਰਦਾ। ਮੁੰਬਈ ਭਾਰਤ ਦੀ ਆਰਥਿਕ ਰਾਜਧਾਨੀ ਹੈ ਅਤੇ ਇਸ ਸ਼ਹਿਰ ’ਤੇ ਹੋਇਆ ਹਮਲਾ ਦੇਸ਼ ਦੀ ਪ੍ਰਭੂਸੱਤਾ ’ਤੇ ਹਮਲਾ ਸੀ।
