ਜੇ ਮੈਂ ਨਾ ਹੁੰਦਾ ਤਾਂ ਪਾਕਿਸਤਾਨ ਨਾਲ ਜੰਗ ਕਰ ਰਿਹਾ ਹੁੰਦਾ ਭਾਰਤ: ਟਰੰਪ
ਟਰੰਪ ਨੇ ਸਕੌਟਲੈਂਡ ਵਿੱਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਅਧਿਕਾਰਤ ਗੱਲਬਾਤ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੁਨੀਆ ਭਰ ਵਿੱਚ ਛੇ ਵੱਡੀਆਂ ਜੰਗਾਂ ਰੋਕਣ ਲਈ ਦਖ਼ਲ ਦਿੱਤਾ, ਜਿਨ੍ਹਾਂ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਸੰਭਾਵੀ ਜੰਗ ਵੀ ਸ਼ਾਮਲ ਹੈ। ਉਹ ਗਾਜ਼ਾ ਵਿੱਚ ਸੰਘਰਸ਼ ਖ਼ਤਮ ਕਰਨ ਲਈ ਇਜ਼ਰਾਈਲ ’ਤੇ ਦਬਾਅ ਪਾਉਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ।
ਸਕੌਟਲੈਂਡ ਦੇ ਸਾਊਥ ਆਇਰਸ਼ਾਇਰ ਸਥਿਤ ਆਪਣੇ ਟਰਨਬੈਰੀ ਗੌਲਫ ਰਿਜ਼ੌਰਟ ਤੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ‘‘ਅਸੀਂ ਕਈ ਜੰਗਬੰਦੀਆਂ ਕਰਵਾਈਆਂ, ਜੇਕਰ ਮੈਂ ਨਾ ਹੁੰਦਾ ਤਾਂ ਛੇ ਵੱਡੀਆਂ ਜੰਗਾਂ ਚੱਲ ਰਹੀਆਂ ਹੁੰਦੀਆਂ- ਭਾਰਤ, ਪਾਕਿਸਤਾਨ ਦੇ ਨਾਲ ਲੜ ਰਿਹਾ ਹੁੰਦਾ।’’
ਸ਼ੁੱਕਰਵਾਰ ਤੋਂ ਸਕੌਟਲੈਂਡ ਦੇ ਨਿੱਜੀ ਦੌਰੇ ’ਤੇ ਗਏ ਟਰੰਪ ਨੇ ਕਿਹਾ, ‘‘ਸਾਡੇ ਕੋਲ ਬਹੁਤ ਸਾਰੇ ਹੌਟਸਪੌਟ ਹਨ ਜੋ ਜੰਗ ਵਿੱਚ ਸਨ। ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਵੱਡਾ ਮੁੱਦਾ ਭਾਰਤ ਅਤੇ ਪਾਕਿਸਤਾਨ ਸੀ ਕਿਉਂਕਿ ਤੁਸੀਂ ਦੋ ਪ੍ਰਮਾਣੂ ਦੇਸ਼ਾਂ ਬਾਰੇ ਗੱਲ ਕਰ ਰਹੇ ਹੋ। ਇਹ ਬਹੁਤ ਵੱਡਾ ਮੁੱਦਾ ਸੀ।’’
ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਮੈਂ ਪਾਕਿਸਤਾਨ ਅਤੇ ਭਾਰਤ ਦੇ ਨੇਤਾਵਾਂ ਨੂੰ ਜਾਣਦਾ ਹਾਂ। ਮੈਂ (ਉਨ੍ਹਾਂ ਨੂੰ) ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਅਤੇ ਉਹ ਇੱਕ ਵਪਾਰ ਸਮਝੌਤੇ ਦੇ ਵਿਚਕਾਰ ਹਨ ਅਤੇ ਫਿਰ ਵੀ ਉਹ ਪ੍ਰਮਾਣੂ ਹਥਿਆਰਾਂ ਬਾਰੇ ਗੱਲ ਕਰ ਰਹੇ ਹਨ... ਇਹ ਪਾਗਲਪਨ ਹੈ। ਇਸ ਲਈ, ਮੈਂ ਕਿਹਾ ਕਿ ਮੈਂ ਤੁਹਾਡੇ ਨਾਲ ਵਪਾਰ ਸਮਝੌਤਾ ਨਹੀਂ ਕਰ ਰਿਹਾ ਹਾਂ। ਅਤੇ ਉਹ ਵਪਾਰ ਸਮਝੌਤਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਦੀ ਲੋੜ ਹੈ।’’
ਟਰੰਪ ਨੇ ਕਿਹਾ, ‘‘(ਮੈਂ ਕਿਹਾ) ਜੇਕਰ ਤੁਸੀਂ ਯੁੱਧ ਕਰਨ ਜਾ ਰਹੇ ਹੋ ਤਾਂ ਮੈਂ ਤੁਹਾਡੇ ਨਾਲ ਵਪਾਰ ਸਮਝੌਤਾ ਨਹੀਂ ਕਰ ਰਿਹਾ ਹਾਂ ਅਤੇ ਇਹ ਇੱਕ ਅਜਿਹਾ ਯੁੱਧ ਹੈ ਜਿਸ ਦਾ ਅਸਰ ਹੋਰ ਦੇਸ਼ਾਂ ’ਤੇ ਵੀ ਪਵੇਗਾ। ਪਰਮਾਣੂ ਹਥਿਆਰਾਂ ਦੀ ਮਾਰ ਸਭ ਨੂੰ ਝੱਲਣੀ ਪਵੇਗੀ।’’
ਟਰੰਪ ਨੇ ਕਿਹਾ, ‘‘ਜਦੋਂ ਉਹ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਸ਼ੁਰੂ ਕਰਦੇ ਹਨ ਤਾਂ ਉਹ ਧਮਾਕੇ ਕਾਰਨ ਰਿਸਾਅ ਦੂਰ ਤੱਕ ਹੁੰਦਾ ਹੈ ਅਤੇ ਸੱਚਮੁੱਚ ਬੁਰੀਆਂ ਚੀਜ਼ਾਂ ਵਾਪਰਦੀਆਂ ਹਨ। ਇਸ ਲਈ ਹੋ ਸਕਦਾ ਹੈ ਕਿ ਅਸੀਂ ਥੋੜੇ ਸੁਆਰਥੀ ਹੋ ਰਹੇ ਹਾਂ ਕਿਉਂਕਿ ਜਦੋਂ ਅਸੀਂ ਯੁੱਧਾਂ ਤੋਂ ਬਚਣਾ ਚਾਹੁੰਦੇ ਹਾਂ ਪਰ ਅਸੀਂ ਬਹੁਤ ਸਾਰੀਆਂ ਜੰਗਾਂ ਨੂੰ ਰੋਕ ਦਿੱਤਾ ਹੈ ਅਤੇ ਇਹ ਕਰਨਾ ਇੱਕ ਬਹੁਤ ਵੱਡਾ ਸਨਮਾਨ ਹੈ।’’
ਭਾਰਤ ਨੇ 22 ਅਪਰੈਲ ਨੂੰ ਪਹਿਲਗਾਮ ਵਿੱਚ ਪਾਕਿਸਤਾਨ-ਸਮਰਥਿਤ ਘਾਤਕ ਅਤਿਵਾਦੀ ਹਮਲੇ ਦੇ ਜਵਾਬ ਵਿੱਚ ਕੀਤੀ ਗਈ ਫ਼ੌਜੀ ਕਾਰਵਾਈ ‘ਅਪਰੇਸ਼ਨ ਸਿੰਧੂਰ’ ਦੌਰਾਨ ਕਿਸੇ ਵੀ ਵਿਚੋਲਗੀ ਦੇ ਦਾਅਵਿਆਂ ਨੂੰ ਵਾਰ-ਵਾਰ ਰੱਦ ਕੀਤਾ ਹੈ।