ਕੱਟੜਪੰਥੀ ਆਤਮ-ਸਮਰਪਣ ਕਰਨਾ ਚਾਹੁੰਦੇ ਨੇ ਤਾਂ ਸਵਾਗਤ ਹੈ: ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮਾਓਵਾਦੀਆਂ ਵੱਲੋਂ ਕੀਤੀ ਗਈ ਜੰਗਬੰਦੀ ਦੀ ਪੇਸ਼ਕਸ਼ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਜੇਕਰ ਕੱਟੜਪੰਥੀ ਹਥਿਆਰ ਸੁੱਟ ਕੇ ਆਤਮ-ਸਮਰਪਣ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ ਅਤੇ ਸੁਰੱਖਿਆ ਬਲ ਉਨ੍ਹਾਂ ’ਤੇ ਇਕ ਵੀ ਗੋਲੀ ਨਹੀਂ ਚਲਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ 31 ਮਾਰਚ 2026 ਤੱਕ ਦੇਸ਼ ਨਕਸਲਵਾਦ ਤੋਂ ਮੁਕਤ ਹੋ ਜਾਵੇਗਾ।
ਸ਼ਾਹ ਨੇ ਕਿਹਾ, ‘‘ਹਾਲ ਹੀ ਵਿੱਚ ਭਰਮ ਫੈਲਾਉਣ ਲਈ ਇਕ ਪੱਤਰ ਲਿਖਿਆ ਗਿਆ ਸੀ, ਜਿਸ ਵਿੱਚ ਕਿਹਾ ਗਿਆ ਕਿ ਹੁਣ ਤੱਕ ਜੋ ਕੁਝ ਹੋਇਆ ਹੈ ਉਹ ਇਕ ਗਲਤੀ ਹੈ, ਜੰਗਬੰਦੀ ਐਲਾਨੀ ਜਾਣੀ ਚਾਹੀਦੀ ਹੈ ਅਤੇ ਅਸੀਂ (ਨਕਸਲੀ) ਆਤਮ-ਸਮਰਪਣ ਕਰਨਾ ਚਾਹੁੰਦੇ ਹਾਂ। ਮੈਂ ਕਹਿਣਾ ਚਾਹੁੰਦਾ ਹਾਂ ਕਿ ਕੋਈ ਜੰਗਬੰਦੀ ਨਹੀਂ ਹੋਵੇਗੀ। ਜੇਕਰ ਤੁਸੀਂ ਆਤਮ-ਸਮਰਪਣ ਕਰਨਾ ਚਾਹੁੰਦੇ ਹੋ ਤਾਂ ਜੰਗਬੰਦੀ ਦੀ ਕੋਈ ਲੋੜ ਨਹੀਂ ਹੈ। ਹਥਿਆਰ ਸੁੱਟ ਦਿਓ, ਇਕ ਵੀ ਗੋਲੀ ਨਹੀਂ ਚੱਲੇਗੀ।’’ ਉਨ੍ਹਾਂ ਕਿਹਾ ਕਿ ਜੇਕਰ ਨਕਸਲੀ ਆਤਮ-ਸਮਰਪਣ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ‘ਲਾਹੇਵੰਦ’ ਮੁੜਵਸੇਬਾ ਨੀਤੀ ਦੇ ਨਾਲ ਨਿੱਘਾ ਸਵਾਗਤ ਕੀਤਾ ਜਾਵੇਗਾ।
‘ਨਕਸਲ ਮੁਕਤ ਭਾਰਤ’ ਬਾਰੇ ਹੋਈ ਗੋਸ਼ਟੀ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਖੱਬੇ ਪੱਖੀ ਅਤਿਵਾਦ ਨੂੰ ਵਿਚਾਰਕ ਸਮਰਥਨ ਦੇਣ ਲਈ ਖੱਬੇ ਪੱਖੀ ਪਾਰਟੀਆਂ ’ਤੇ ਨਿਸ਼ਾਨਾ ਸੇਧਿਆ ਅਤੇ ਉਨ੍ਹਾਂ ਇਸ ਤਰਕ ਨੂੰ ਖਾਰਜ ਕਰ ਦਿੱਤਾ ਕਿ ਵਿਕਾਸ ਦੀ ਘਾਟ ਕਾਰਨ ਮਾਓਵਾਦੀ ਹਿੰਸਾ ਹੋਈ। ਉਨ੍ਹਾਂ ਕਿਹਾ ਕਿ ਇਹ ‘ਲਾਲ ਅਤਿਵਾਦ’ ਕਾਰਨ ਹੀ ਸੀ ਕਿ ਕਈ ਦਹਾਕਿਆਂ ਤੱਕ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਕਾਸ ਨਹੀਂ ਹੋ ਸਕਿਆ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅਜਿਹੇ ਕਈ ਲੋਕ ਹਨ ਜੋ ਮੰਨਦੇ ਹਨ ਕਿ ਨਕਸਲੀਆਂ ਵੱਲੋਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਨੂੰ ਰੋਕਣਾ ਹੀ ਭਾਰਤ ਤੋਂ ਨਕਸਲਵਾਦ ਨੂੰ ਖ਼ਤਮ ਕਰਨ ਲਈ ਕਾਫੀ ਹੈ। ਹਾਲਾਂਕਿ ਇਹ ਸੱਚ ਨਹੀਂ ਹੈ, ਕਿਉਂਕਿ ਭਾਰਤ ਵਿੱਚ ਨਕਸਲਵਾਦ ਇਸ ਵਾਸਤੇ ਵਿਕਸਤ ਹੋਇਆ ਕਿਉਂਕਿ ਇਸ ਦੀ ਵਿਚਾਰਧਾਰਾ ਦਾ ਪਾਲਣ ਪੋਸ਼ਣ ਸਮਾਜ ਦੇ ਲੋਕਾਂ ਨੇ ਹੀ ਕੀਤਾ ਹੈ।