ਮਾਓਵਾਦੀਆਂ ਵਿਚਕਾਰ ਵਿਚਾਰਧਾਰਕ ਮਤਭੇਦ ਡੂੰਘੇ ਹੋਏ
ਸੀ ਪੀ ਆਈ ਆਗੂ ਮਾਲੋਜੂਲਾ ਵੇਣੂਗੋਪਾਲ ਰਾਓ ਉਰਫ਼ ਭੂਪਤੀ (70) ਵੱਲੋਂ 60 ਹੋਰਾਂ ਨਾਲ ਆਤਮ-ਸਮਰਪਣ ਕੀਤੇ ਜਾਣ ’ਤੇ ਜਥੇਬੰਦੀ ਅੰਦਰ ਪਾੜਾ ਵਧਣ ਦੇ ਸੰਕੇਤ ਹਨ। ਅਧਿਕਾਰੀਆਂ ਮੁਤਾਬਿਕ ਕਈ ਹੋਰ ਮਾਓਵਾਦੀ ਵੀ ਆਤਮ-ਸਮਰਪਣ ਕਰਨਾ ਚਾਹੁੰਦੇ ਹਨ। ਜਾਣਕਾਰੀ ਮੁਤਾਬਿਕ ਭੂਪਤੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਅੰਦੋਲਨ ’ਚ ਗੰਭੀਰ ਵਿਚਾਰਧਾਰਕ ਮਤਭੇਦ ਪੈਦਾ ਹੋ ਗਏ ਹਨ। ਭੂਪਤੀ ਨੇ ਬੁੱਧਵਾਰ ਨੂੰ ਗੜ੍ਹਚਿਰੌਲੀ ’ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅੱਗੇ ਆਤਮ-ਸਮਰਪਣ ਕੀਤਾ ਸੀ। ਇਕ ਅਧਿਕਾਰੀ ਨੇ ਕਿਹਾ ਕਿ ਪਾਰਟੀ ’ਚ ਦੋ ਧੜੇ ਉਭਰ ਆਏ ਹਨ ਜਿਨ੍ਹਾਂ ’ਚੋਂ ਇਕ ਦੀ ਅਗਵਾਈ ਭੂਪਤੀ, ਸਤੀਸ਼ ਅਤੇ ਰਾਜਮਨ ਮੰਡਾਵੀ ਅਤੇ ਦੂਜੇ ਦੀ ਦਿਓਜੀ, ਹਿੜਮਾ ਅਤੇ ਪ੍ਰਭਾਕਰ ਕਰ ਰਹੇ ਹਨ। ਭੂਪਤੀ ਦਾ ਧੜਾ ਸ਼ਾਂਤੀ ਵਾਰਤਾ ਦੇ ਪੱਖ ’ਚ ਹੈ; ਦੂਜਾ ਧੜਾ ਇਸ ਦਾ ਵਿਰੋਧ ਕਰ ਰਿਹਾ ਹੈ। ਤਿਲੰਗਾਨਾ ਦੇ ਪਿਛੋਕੜ ਵਾਲੇ ਆਗੂਆਂ ਨੇ ਹਥਿਆਰਬੰਦ ਸੰਘਰਸ਼ ਜਾਰੀ ਰੱਖਣ ’ਤੇ ਜ਼ੋਰ ਦਿੱਤਾ ਹੈ।
ਜਗਦਲਪੁਰ: ਛੱਤੀਸਗੜ੍ਹ ਦੇ ਜਗਦਲਪੁਰ ’ਚ 210 ਮਾਓਵਾਦੀਆਂ ਨੇ ਅੱਜ ਅਧਿਕਾਰੀਆਂ ਅੱਗੇ ਆਤਮ-ਸਮਰਪਣ ਕਰ ਦਿੱਤਾ। ਇਨ੍ਹਾਂ ’ਚੋਂ ਇਕ ਕੇਂਦਰੀ ਕਮੇਟੀ ਦਾ ਮੈਂਬਰ ਵੀ ਹੈ। ਸੂਬੇ ’ਚ ਨਕਸਲ ਵਿਰੋਧੀ ਕਾਰਵਾਈਆਂ ਦੇ ਇਤਿਹਾਸ ’ਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆਤਮ-ਸਮਰਪਣ ਹੈ। ਬੀਤੇ ਤਿੰੰਨ ਦਿਨਾਂ ’ਚ ਕੁੱਲ 238 ਮਾਓਵਾਦੀਆਂ ਨੇ ਹਿੰਸਾ ਦਾ ਰਾਹ ਛੱਡ ਕੇ ਮੁੱਖ ਧਾਰਾ ’ਚ ਆਉਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਵਿਸ਼ਨੂ ਦਿਓ ਸਾਈ ਨੇ ਇਸ ਨੂੰ ਨਾ ਸਿਰਫ਼ ਬਸਤਰ ਸਗੋਂ ਛੱਤੀਸਗੜ੍ਹ ਅਤੇ ਪੂਰੇ ਮੁਲਕ ਲਈ ਇਤਿਹਾਸਕ ਦਿਨ ਕਰਾਰ ਦਿੱਤਾ ਹੈ। ਪੁਲੀਸ ਅਤੇ ਨੀਮ ਫ਼ੌਜੀ ਬਲਾਂ ਦੇ ਅਧਿਕਾਰੀਆਂ ਅੱਗੇ ਆਤਮ-ਸਮਰਪਣ ਕਰਨ ਵਾਲੇ ਮਾਓਵਾਦੀਆਂ ਦਾ ਕਬਾਇਲੀ ਭਾਈਚਾਰੇ ਦੇ ਆਗੂਆਂ ਅਤੇ ਪੁਜਾਰੀਆਂ ਨੇ ਗੁਲਾਬ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਬਾਅਦ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸਾਈ ਨੇ ਕਿਹਾ ਕਿ ਕੁਰਾਹੇ ਪਏ ਅਤੇ ਸਮਾਜ ਤੋਂ ਟੁੱਟੇ 210 ਭੈਣ-ਭਰਾ ਅੱਜ ਮੁੱਖ ਧਾਰਾ ’ਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਸੰਵਿਧਾਨ, ਮਹਾਤਮਾ ਗਾਂਧੀ ਦੇ ਅਹਿੰਸਾ ਦੇ ਮਾਰਗ ਅਤੇ ਸੂਬੇ ਦੀ ਮੁੜ ਵਸੇਬਾ ਨੀਤੀ ’ਚ ਭਰੋਸਾ ਜਤਾਇਆ ਹੈ।