IDay Awards: ਆਜ਼ਾਦੀ ਦਿਵਸ ਮੌਕੇ ਅਪਰੇਸ਼ਨ ਸਿੰਦੂਰ ਨੂੰ ਅੰਜਾਮ ਦੇਣ ਵਾਲੇ ਫ਼ੌਜੀ ਅਧਿਕਾਰੀਆਂ ਨੂੰ ਐਵਾਰਡਾਂ ਦਾ ਐਲਾਨ
ਭਾਰਤ ਨੇ ਵੀਰਵਾਰ ਨੂੰ 79ਵੇਂ ਆਜ਼ਾਦੀ ਦਿਵਸ ਦੀ ਪਹਿਲੜੀ ਸ਼ਾਮ ਫੌਜੀ ਸਨਮਾਨਾਂ ਦੀ ਆਪਣੀ ਸਾਲਾਨਾ ਸੂਚੀ ਵਿੱਚ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਵੱਲੋਂ ਦਿਖਾਏ ਬਹਾਦਰੀ ਦੇ ਕਾਰਨਾਮਿਆਂ ਅਤੇ ਆਪਰੇਸ਼ਨ ਸਿੰਦੂਰ ਦੀ ਯੋਜਨਾਬੰਦੀ ਅਤੇ ਇਸ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਸੀਨੀਅਰ ਫੌਜੀ ਅਧਿਕਾਰੀਆਂ ਦੀ ਭੂਮਿਕਾ ਨੂੰ ਮਾਣ ਨਾਲ ਮਾਨਤਾ ਦਿੱਤੀ ਅਤੇ ਆਜ਼ਾਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਬਹਾਦਰੀ ਐਵਾਰਡ ਦੇਣ ਦਾ ਐਲਾਨ ਕੀਤਾ ਹੈ।
ਪਾਕਿਸਤਾਨ ਵਿੱਚ ਅੱਤਵਾਦੀ ਬੁਨਿਆਦੀ ਢਾਂਚੇ ਅਤੇ ਫੌਜੀ ਟਿਕਾਣਿਆਂ 'ਤੇ ਹਮਲਿਆਂ ਵਿੱਚ ਸ਼ਾਮਲ ਭਾਰਤੀ ਹਵਾਈ ਸੈਨਾ ਦੇ ਪਾਇਲਟ ਅਤੇ ਨਾਲ ਹੀ S-400 ਹਵਾਈ ਰੱਖਿਆ ਪ੍ਰਣਾਲੀਆਂ ਦੀ ਦੇਖਭਾਲ ਕਰਨ ਵਾਲੇ ਫ਼ੌਜੀ ਅਧੀਕਾਰੀਆਂ, ਜਿਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਕਾਰ 7 ਤੋਂ 10 ਮਈ ਤੱਕ ਹੋਈ ਜੰਗ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ, ਨੂੰ ਇਹ ਪੁਰਸਕਾਰ ਦਿੱਤੇ ਜਾਣਗੇ।
ਹਵਾਈ ਸੈਨਾ ਦੇ ਉਪ ਮੁਖੀ ਏਅਰ ਮਾਰਸ਼ਲ ਨਰਮਦੇਸ਼ਵਰ ਤਿਵਾੜੀ, ਉਪ ਮੁਖੀ ਏਅਰ ਸਟਾਫ ਏਅਰ ਮਾਰਸ਼ਲ ਅਵਧੇਸ਼ ਕੁਮਾਰ ਭਾਰਤੀ, ਭਾਰਤੀ ਫੌਜ ਦੇ ਡੀਜੀਐਮਓ ਲੈਫਟੀਨੈਂਟ ਜਨਰਲ ਰਾਜੀਵ ਘਈ ਅਤੇ ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਸਰਵੋਤਮ ਯੁੱਧ ਸੇਵਾ ਮੈਡਲ (Sarvottam Yudh Seva) ਨਾਲ ਸਨਮਾਨਿਤ ਕੀਤੇ ਜਾਣ ਵਾਲੇ ਚੋਟੀ ਦੇ ਫੌਜੀ ਅਧਿਕਾਰੀਆਂ ਵਿੱਚ ਸ਼ਾਮਲ ਹਨ।
ਏਅਰ ਮਾਰਸ਼ਲ ਨਾਗੇਸ਼ ਕਪੂਰ ਅਤੇ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ, ਜੋ ਕ੍ਰਮਵਾਰ ਦੱਖਣ ਪੱਛਮੀ ਹਵਾਈ ਕਮਾਂਡ ਅਤੇ ਪੱਛਮੀ ਹਵਾਈ ਕਮਾਂਡ ਦੇ ਮੁਖੀ ਹਨ, ਨੂੰ ਵੀ ਸਰਵੋਤਮ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਵਾਈਸ ਐਡਮਿਰਲ ਸੰਜੇ ਜਸਜੀਤ ਸਿੰਘ, ਜਿਨ੍ਹਾਂ ਨੇ ਪੱਛਮੀ ਜਲ ਸੈਨਾ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ ਇਨ ਚੀਫ਼ ਵਜੋਂ ਪਹਿਲਗਾਮ ਹਮਲੇ ਤੋਂ ਬਾਅਦ ਜਲ ਸੈਨਾ ਦੀ ਤਾਇਨਾਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਨੂੰ ਵੀ ਸਰਵੋਤਮ ਯੁੱਧ ਸੇਵਾ ਮੈਡਲ ਲਈ ਨਾਮਜ਼ਦ ਕੀਤਾ ਗਿਆ ਹੈ।
ਡਿਪਟੀ ਚੀਫ਼ ਆਫ਼ ਨੇਵਲ ਸਟਾਫ ਵਾਈਸ ਐਡਮਿਰਲ ਤਰੁਣ ਸੋਬਤੀ, ਜਿਨ੍ਹਾਂ ਨੇ ਪਹਿਲਗਾਮ ਹਮਲੇ ਤੋਂ ਬਾਅਦ ਜਲ ਸੈਨਾ ਦੀ ਤਾਇਨਾਤੀ ਰਣਨੀਤੀ ਨੂੰ ਅੰਤਿਮ ਰੂਪ ਦੇਣ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਸੀ, ਨੂੰ ਉੱਤਮ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਭਾਰਤੀ ਹਵਾਈ ਸੈਨਾ ਦੇ ਨੌਂ ਲੜਾਕੂ ਪਾਇਲਟਾਂ ਨੂੰ ਵੱਕਾਰੀ ਵਾਯੂ ਚੱਕਰ ਲਈ ਨਾਮਜ਼ਦ ਕੀਤਾ ਗਿਆ ਹੈ।
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ 'ਤੇ ਹਥਿਆਰਬੰਦ ਸੈਨਾਵਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਕਰਮਚਾਰੀਆਂ ਨੂੰ 127 ਬਹਾਦਰੀ ਪੁਰਸਕਾਰਾਂ ਅਤੇ 40 ਵਿਸ਼ੇਸ਼ ਸੇਵਾ ਪੁਰਸਕਾਰਾਂ ਨੂੰ ਪ੍ਰਵਾਨਗੀ ਦਿੱਤੀ।
ਇਨ੍ਹਾਂ ਵਿੱਚ ਚਾਰ ਕੀਰਤੀ ਚੱਕਰ, 15 ਵੀਰ ਚੱਕਰ, 16 ਸ਼ੌਰਿਆ ਚੱਕਰ, ਦੋ ਬਾਰ ਟੂ ਸੈਨਾ ਮੈਡਲ (ਬਹਾਦਰੀ), 58 ਸੈਨਾ ਮੈਡਲ (ਬਹਾਦਰੀ), ਛੇ ਨੌ ਸੈਨਾ ਮੈਡਲ (ਬਹਾਦਰੀ) ਅਤੇ 26 ਵਾਯੂ ਸੈਨਾ ਮੈਡਲ (ਬਹਾਦਰੀ) ਸ਼ਾਮਲ ਹਨ।
ਪੁਰਸਕਾਰਾਂ ਵਿੱਚ ਸੱਤ ਸਰਵੋਤਮ ਯੁੱਧ ਸੇਵਾ ਮੈਡਲ, ਨੌਂ ਉੱਤਮ ਯੁੱਧ ਸੇਵਾ ਮੈਡਲ ਅਤੇ 24 ਯੁੱਧ ਸੇਵਾ ਮੈਡਲ ਵੀ ਸ਼ਾਮਲ ਹਨ। ਰਾਸ਼ਟਰਪਤੀ ਨੇ 290 ਮੇਨਸ਼ਨ-ਇਨ-ਡਿਸਪੈਚਾਂ ਨੂੰ ਵੀ ਪ੍ਰਵਾਨਗੀ ਦਿੱਤੀ ਹੈ, ਜਿਨ੍ਹਾਂ ਵਿੱਚੋਂ 115 ਭਾਰਤੀ ਫੌਜ, ਪੰਜ ਭਾਰਤੀ ਜਲ ਸੈਨਾ ਅਤੇ 167 ਭਾਰਤੀ ਹਵਾਈ ਸੈਨਾ ਤੋਂ ਹਨ।