IAF needs 35-40 jets yearly ਭਾਰਤੀ ਹਵਾਈ ਸੈਨਾ ਨੂੰ ਸਾਲਾਨਾ 35 ਤੋਂ 40 ਜਹਾਜ਼ਾਂ ਦੀ ਲੋੜ: ਏਅਰ ਚੀਫ਼ ਮਾਰਸ਼ਲ
ਅਜੈ ਬੈਨਰਜੀ
ਨਵੀਂ ਦਿੱਲੀ, 28 ਫਰਵਰੀ
IAF needs 35-40 jets yearly ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੌਜੂਦਾ ਖੱਪੇ ਨੂੰ ਪੂਰਨ ਤੇ ਲੜਾਕੂ ਜਹਾਜ਼ਾਂ ਦੀ ਪੁੁਰਾਣੀ ਫਲੀਟ- ਮਿਰਾਜ, ਮਿਗ 29 ਤੇ ਜੈਗੁਆਰ ਨੂੰ ਪੜਾਅ ਵਾਰ ਹਟਾਉਣ ਲਈ ਭਾਰਤੀ ਹਵਾਈ ਸੈਨਾ ਨੂੰ ਫੌਰੀ ਸਾਲਾਨਾ 35 ਤੋਂ 40 ਲੜਾਕੂ ਜਹਾਜ਼ਾਂ ਦੀ ਲੋੜ ਪਏਗੀ।
ਹਵਾਈ ਸੈਨਾ ਮੁਖੀ ਨੇ ਕੌਮੀ ਰਾਜਧਾਨੀ ਵਿਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਾਨੂੰ ਸਾਲਾਨਾ ਦੋ ਸਕੁਐਡਰਨਾਂ ਦੀ ਲੋੜ ਹੈ, ਜਿਸ ਦਾ ਮਤਲਬ ਹੈ ਕਿ ਸਾਨੂੰ ਹਰ ਸਾਲ 35 ਤੋਂ 40 ਜਹਾਜ਼ਾਂ ਦੀ ਲੋੜ ਹੈ। ਇੰਨੇ ਜਹਾਜ਼ ਮੌਜੂਦਾ ਖੱਪੇ ਨੂੰ ਪੂਰਨ ਤੇ ਅਗਲੇ 5 ਤੋਂ 10 ਸਾਲਾਂ ਵਿਚ ਪੁਰਾਣੀ ਫਲੀਟ ਨੂੰ ਹਟਾਉਣ ਲਈ ਲੋੜੀਂਦੇ ਹਨ।’’
ਭਾਰਤੀ ਹਵਾਈ ਸੈਨਾ ਮੁਖੀ ਨੇ ਕਿਹਾ, “ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (HAL) ਨੇ ਅਗਲੇ ਸਾਲ 24 ਤੇਜਸ ਮਾਰਕ-1A ਜੈੱਟ ਬਣਾਉਣ ਦਾ ਵਾਅਦਾ ਕੀਤਾ ਹੈ, ਮੈਂ ਇਸ ਤੋਂ ਖੁਸ਼ ਹਾਂ।’’ ਉਨ੍ਹਾਂ ਨੇ ਜੈੱਟਾਂ ਦੀ ਗਿਣਤੀ ਵਧਾਉਣ ਲਈ ਨਿੱਜੀ ਕੰਪਨੀਆਂ ਵੱਲ ਧਿਆਨ ਦੇਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਟਾਟਾ ਅਤੇ ਏਅਰਬੱਸ ਦੇ ਸਾਂਝੇ ਉੱਦਮ ਸਦਕਾ ਤਿਆਰ C295 ਮਾਲਵਾਹਕ ਜਹਾਜ਼ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ, ‘‘ਅਸੀਂ ਨਿੱਜੀ ਕੰਪਨੀਆਂ ਦੀ ਸ਼ਮੂਲੀਅਤ ਨਾਲ ਸਾਲਾਨਾ 12-18 ਜਹਾਜ਼ ਪ੍ਰਾਪਤ ਕਰ ਸਕਦੇ ਹਾਂ।’’
ਆਈਏਐੱਫ ਦੀਆਂ ਲੋੜਾਂ ਨਾਲ ਸਵੈ-ਨਿਰਭਰਤਾ ਨੂੰ ਸੰਤੁਲਿਤ ਕਰਨ ਬਾਰੇ ਉਨ੍ਹਾਂ ਕਿਹਾ, ‘‘ਮੈਂ ਅਹਿਦ ਲੈ ਸਕਦਾ ਹਾਂ ਕਿ ਬਾਹਰੋਂ ਕੁਝ ਨਹੀਂ ਖਰੀਦਾਂਗਾ। ਪਰ ਅਸੀਂ ਗਿਣਤੀ ਦੇ ਮਾਮਲੇ ਵਿੱਚ ਬਹੁਤ ਪਿੱਛੇ ਹਾਂ। ਵਾਅਦਾ ਕੀਤੇ ਗਏ ਨੰਬਰ ਬਹੁਤ ਘੱਟ ਰਫ਼ਤਾਰ ਹੈ, ਇਨ੍ਹਾਂ ਖਾਲੀ ਥਾਵਾਂ ਨੂੰ ਭਰਨ ਲਈ ਕੁਝ ਲੱਭਣ ਦੀ ਲੋੜ ਪਏਗੀ।’’
ਭਾਰਤੀ ਹਵਾਈ ਸੈਨਾ ਦੇ ਮੁਖੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਬੰਗਲੂਰੂ ’ਚ ਏਅਰੋ ਇੰਡੀਆ ਸ਼ੋਅ ਦੌਰਾਨ ਐਚਏਐਲ ਦੁਆਰਾ ਤੇਜਸ ਮਾਰਕ-1ਏ ਜੈੱਟਾਂ ਦੇ ਉਤਪਾਦਨ ਦੀ ਰਫ਼ਤਾਰ ’ਤੇ ਫ਼ਿਕਰ ਜਤਾਇਆ ਸੀ, ਜੋ ਇਕਰਾਰਨਾਮੇ ਵਾਲੇ 83 ਤੇਜਸ ਮਾਰਕ-1ਏ ਜੈੱਟਾਂ ਦੀ ਸਪਲਾਈ ਦੀ ਸਮਾਂ ਸੀਮਾ ਨੂੰ ਪੂਰਾ ਕਰਨ ਵਿੱਚ ਇੱਕ ਸਾਲ ਜਾਂ ਵੱਧ ਪਿੱਛੇ ਚੱਲ ਰਿਹਾ ਹੈ।