ਜਲਦੀ ਕੰਮ-ਕਾਰ ਸ਼ੁਰੂ ਕਰਾਂਗਾ: ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਦਿਲ ਨਾਲ ਸਬੰਧਤ ਸਮੱਸਿਆ ਆਈ ਸੀ ਜਿਸ ਕਾਰਨ ਉਨ੍ਹਾਂ ਦਾ ਬੀਤੇ ਦਿਨੀਂ ਅਪਰੇਸ਼ਨ ਹੋਇਆ ਸੀ। ਸ੍ਰੀ ਖੜਗੇ ਨੇ ਅੱਜ ਕਿਹਾ ਕਿ ਉਹ ਜਲਦੀ ਹੀ ਆਪਣਾ ਕੰਮ-ਕਾਰ ਸ਼ੁਰੂ ਕਰਨਗੇ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਲਿਕਾਰਜੁਨ ਖੜਗੇ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਖੜਗੇ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ, ‘ਮੇਰਾ ਜਲਦੀ ਹੀ ਕੰਮ-ਕਾਰ ਸ਼ੁਰੂ ਕਰਨ ਦਾ ਇਰਾਦਾ ਹੈ।’ ਦੂਜੇ ਪਾਸੇ ਡਾਕਟਰਾਂ ਨੇ ਖੜਗੇ ਨੂੰ ਸਰਜਰੀ ਤੋਂ ਬਾਅਦ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ 83 ਸਾਲਾ ਖੜਗੇ ਨੂੰ ਮੰਗਲਵਾਰ ਨੂੰ ਬੰਗਲੁਰੂ ਦੇ ਐੱਮ.ਐੱਸ. ਰਮੱਈਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਅਗਲੇ ਦਿਨ ਉਨ੍ਹਾਂ ਦੇ ਪੇਸਮੇਕਰ ਪਾਇਆ ਗਿਆ। ਪ੍ਰਿਆਂਕ ਖੜਗੇ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਠੀਕ-ਠਾਕ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਪੋਸਟ ਵਿੱਚ ਕਿਹਾ, ‘ਖੜਗੇ ਜੀ ਨਾਲ ਗੱਲਬਾਤ ਕੀਤੀ, ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।’