ਕਿਸੇ ਨੂੰ ਵੀ ਆਪਣੀ ਭਾਸ਼ਾ ਖੋਹਣ ਨਹੀਂ ਦੇਵਾਂਗੀ: ਮਮਤਾ ਬੈਨਰਜੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੇਸ਼ ਭਰ ’ਚ ਬੰਗਲਾ ਭਾਸ਼ੀ ਪਰਵਾਸੀਆਂ ’ਤੇ ਕਥਿਤ ਹਮਲਿਆਂ ਦੇ ਵਿਰੋਧ ’ਚ ਅੱਜ ਬੀਰਭੂਮ ਜ਼ਿਲ੍ਹੇ ਦੇ ਬੋਲਪੁਰ ਤੋਂ ‘ਭਾਸ਼ਾ ਅੰਦੋਲਨ’ ਦੀ ਸ਼ੁਰੂਆਤ ਕੀਤੀ ਅਤੇ ਕਿਹਾ, ‘ਮੈਂ ਜਾਨ ਦੇ ਦੇਵਾਂਗੀ ਪਰ ਕਿਸੇ ਨੂੰ ਆਪਣੀ ਭਾਸ਼ਾ ਖੋਹਣ ਦੀ ਇਜਾਜ਼ਤ ਨਹੀਂ ਦੇਵਾਂਗੀ।’
ਮੁੱਖ ਮੰਤਰੀ ਨੇ ਬੋਲਪੁਰ ’ਚ ਲੋਕਾਂ ਨੂੰ ਕਿਹਾ ਕਿ ਉਹ ਭਾਸ਼ਾ ਦੇ ਆਧਾਰ ’ਤੇ ਵੰਡੀਆਂ ਨਹੀਂ ਚਾਹੁੰਦੇ। ਉਨ੍ਹਾਂ ਕੇਂਦਰ ਤੇ ਚੋਣ ਕਮਿਸ਼ਨ ’ਤੇ ਬੰਗਲਾ ਬੋਲਣ ਵਾਲੇ ਪਰਵਾਸੀਆਂ ਨੂੰ ਨਿਸ਼ਾਨਾ ਬਣਾ ਕੇ ਤੇ ਵੋਟਰ ਸੂਚੀ ’ਚੋਂ ਅਸਲ ਵੋਟਰਾਂ ਦੇ ਨਾਂ ਹਟਾਉਣ ਦੀ ਕੋਸ਼ਿਸ਼ ਕਰਕੇ ਸੂਬੇ ’ਚ ਪਿਛਲੇ ਦਰਵਾਜ਼ੇ ਰਾਹੀਂ ਐੱਨਆਰਸੀ ਲਾਗੂ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ‘ਭਾਸ਼ਾਈ ਅਤਿਵਾਦ’ ਫੈਲਾਉਣ ਦਾ ਦੋਸ਼ ਲਾਇਆ ਤੇ ਬੰਗਾਲ ’ਚ ਡਿਟੈਨਸ਼ਨ ਕੈਂਪ ਨਾ ਬਣਨ ਦੇਣ ਦਾ ਅਹਿਦ ਲਿਆ। ਉਨ੍ਹਾਂ ਕਿਹਾ, ‘ਅਸੀਂ ਭਾਸ਼ਾਈ ਅਤਿਵਾਦ ਦੇ ਨਾਂ ’ਤੇ ਸਾਡੀ ਹੋਂਦ ਨੂੰ ਖਤਰੇ ’ਚ ਪਾਉਣ ਤੇ ਪਿਛਲੇ ਦਰਵਾਜ਼ੇ ਰਾਹੀਂ ਐੱਨਆਰਸੀ ਲਾਗੂ ਕਰਨ ਦੀ ਇਸ ਸਾਜ਼ਿਸ਼ ਨੂੰ ਰੋਕਾਂਗੇ।’
‘ਕੀ ਮੋਦੀ ਸ਼ੇਖਾਂ ਨੂੰ ਧਰਮ ਪੁੱਛ ਕੇ ਗਲੇ ਮਿਲਦੇ ਨੇ’
ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਸਵਾਲ ਕੀਤਾ ਕਿ ਜਦੋਂ ਉਹ (ਮੋਦੀ) ਅਰਬ ਮੁਲਕਾਂ ਦੀ ਯਾਤਰਾ ’ਤੇ ਜਾਂਦੇ ਹਨ ਤਾਂ ਕੀ ਸ਼ੇਖ ਨੂੰ ਇਹ ਪੁੱਛ ਕੇ ਗਲੇ ਮਿਲਦੇ ਹਨ ਕਿ ਉਹ ਹਿੰਦੂ ਹਨ ਜਾਂ ਮੁਸਲਮਾਨ। ਉਨ੍ਹਾਂ ਕਿਹਾ, ‘ਕੀ ਤੁਸੀਂ ਮਾਲਦੀਵ ਦੇ ਰਾਸ਼ਟਰਪਤੀ ਨੂੰ ਗਲੇ ਮਿਲਦੇ ਸਮੇਂ ਤੇ ਪੰਜ ਹਜ਼ਾਰ ਕਰੋੜ ਰੁਪਏ ਦਾਨ ਦਿੰਦਿਆਂ ਉਨ੍ਹਾਂ ਦਾ ਧਰਮ ਪੁੱਛਿਆ ਸੀ?’