‘ਆਈ ਲਵ ਮੁਹੰਮਦ’ ਵਿਵਾਦ: ਯੋਗੀ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ
ਮੁੱਖ ਮੰਤਰੀ ਨੇ ਇੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਜੇਕਰ ਤਿਉਹਾਰਾਂ ਦੀ ਖੁਸ਼ੀ ਅਤੇ ਉਤਸ਼ਾਹ ਦੌਰਾਨ ਕੋਈ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਇਸ ਦੀ ਅਜਿਹੀ ਕੀਮਤ ਚੁਕਾਉਣੀ ਪਵੇਗੀ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ।’’
ਯੋਗੀ ਆਦਿੱਤਿਆਨਾਥ ਨੇ ਕਿਹਾ, ‘‘ਹਿੰਦੁਸਤਾਨ ਦੀ ਧਰਤੀ ’ਤੇ ਗਜ਼ਵਾ-ਏ-ਹਿੰਦ ਨਹੀਂ ਹੋਵੇਗਾ। ‘ਗਜ਼ਵਾ-ਏ-ਹਿੰਦ’ ਦੀ ਕਲਪਨਾ ਕਰਨ ਜਾਂ ਇਸ ਦਾ ਸੁਫ਼ਨਾ ਦੇਖਣ ਵਾਲੇ ਲਈ ਨਰਕ ਦਾ ਰਾਹ ਪੱਧਰਾ ਹੋ ਜਾਵੇਗਾ। ਜੇਕਰ ਕੋਈ ਨਰਕ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਗਜ਼ਵਾ-ਏ-ਹਿੰਦ ਦੇ ਨਾਮ ’ਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦਿਓ।’’ ਕਾਨੂੰਨ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਅਰਾਜਕਤਾ ਨੂੰ ਸਵੀਕਾਰ ਨਹੀਂ ਕਰੇਗੀ।
ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਜੋ ਕੋਈ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਹੈ, ਪੈਦਲ ਰਾਹਗੀਰ ’ਤੇ ਹਮਲਾ ਕਰਦਾ ਹੈ, ਜੋ ਕੋਈ ਵੀ ਧੀ ਦੀ ਸੁਰੱਖਿਆ ਦੇ ਨਾਂ ’ਤੇ ਸਮਝੌਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਤਿਉਹਾਰਾਂ ਦੌਰਾਨ ਪੱਥਰ ਮਾਰਦਾ ਹੈ, ਅਸੀਂ ਉਸ ਨੂੰ ਨਰਕ ਦੀ ਇੱਕਤਰਫ਼ਾ ਟਿਕਟ ਦਿਆਂਗੇ।’’
ਮੁੱਖ ਮੰਤਰੀ ਦੀ ਇਹ ਚਿਤਾਵਨੀ 26 ਸਤੰਬਰ ਨੂੰ ਬਰੇਲੀ ਵਿੱਚ ਹਿੰਸਕ ਝੜਪਾਂ ਦੇ ਮੱਦੇਨਜ਼ਰ ਆਈ ਹੈ, ਜਦੋਂ ਜੁੰਮੇ ਨਮਾਜ਼ ਤੋਂ ਬਾਅਦ ਕੋਤਵਾਲੀ ਖੇਤਰ ਵਿੱਚ ਇੱਕ ਮਸਜਿਦ ਦੇ ਬਾਹਰ ‘ਆਈ ਲਵ ਮੁਹੰਮਦ’ ਪੋਸਟਰ ਲੈ ਕੇ ਭੀੜ ਅਤੇ ਪੁਲੀਸ ਵਿਚਾਲੇ ਹੱਥੋਪਾਈ ਹੋਈ ਸੀ। ਸਥਾਨਕ ਮੌਲਵੀ ਤੌਕੀਰ ਰਜ਼ਾ ਖਾਨ ਦੁਆਰਾ ਸੱਦੇ ਗਏ ਪ੍ਰਸਤਾਵਿਤ ਪ੍ਰਦਰਸ਼ਨ ਨੂੰ ਰੱਦ ਕਰਨ ’ਤੇ ਭੀੜ ਕਥਿਤ ਤੌਰ ’ਤੇ ਗੁੱਸੇ ਵਿੱਚ ਸੀ।