‘ਆਈ ਲਵ ਮੁਹੰਮਦ’ ਵਿਵਾਦ: ਬਰੇਲੀ ’ਚ ਹਾਈ ਅਲਰਟ
ਡਰੋਨ ਤਾਇਨਾਤ; 48 ਘੰਟਿਆਂ ਲੲੀ ਇੰਟਰਨੈੱਟ ਸੇਵਾਵਾਂ ਮੁਅੱਤਲ
Advertisement
ਦਸਹਿਰੇ ਦੇ ਮੱਦੇਨਜ਼ਰ ਅੱਜ ਉੱਤਰ ਪ੍ਰਦੇਸ਼ ਦੇ ਬਰੇਲੀ ਡਿਵੀਜ਼ਨ ਦੇ ਚਾਰ ਜ਼ਿਲ੍ਹਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ। ਪੁਲੀਸ, ਪੀਏਸੀ ਅਤੇ ਆਰਏਐੱਫ ਦੇ ਜਵਾਨਾਂ ਨੇ ਸੜਕਾਂ ’ਤੇ ਗਸ਼ਤ ਕੀਤੀ ਅਤੇ ਹਵਾ ਵਿੱਚ ਡਰੋਨ ਉਡਾਏ। ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਨੇ ਬਰੇਲੀ ਵਿੱਚ ਇੰਟਰਨੈੱਟ ਸੇਵਾਵਾਂ ਨੂੰ 48 ਘੰਟਿਆਂ ਲਈ ਮੁਅੱਤਲ ਕਰਨ ਦੇ ਵੀ ਆਦੇਸ਼ ਦਿੱਤੇ ਹਨ।
ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਜ਼ਿਲ੍ਹੇ ਵਿੱਚ ਮੋਬਾਈਲ ਇੰਟਰਨੈੱਟ, ਬ੍ਰਾਡਬੈਂਡ ਅਤੇ ਐੱਸਐੱਮਐੱਸ ਸੇਵਾਵਾਂ 2 ਅਕਤੂਬਰ ਦੁਪਹਿਰ 3 ਵਜੇ ਤੋਂ 4 ਅਕਤੂਬਰ ਦੁਪਹਿਰ 3 ਵਜੇ ਤੱਕ ਮੁਅੱਤਲ ਰਹਿਣਗੀਆਂ।
Advertisement
ਆਦੇਸ਼ ਵਿੱਚ ਗ੍ਰਹਿ ਸਕੱਤਰ ਗੌਰਵ ਦਿਆਲ ਨੇ ਕਿਹਾ ਕਿ ਫੇਸਬੁੱਕ, ਯੂਟਿਊਬ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਮੈਸੇਜਿੰਗ ਸੇਵਾਵਾਂ ਦੀ ਅਫਵਾਹਾਂ ਫੈਲਾਉਣ ਅਤੇ ਫਿਰਕੂ ਤਣਾਅ ਭੜਕਾਉਣ ਲਈ ਦੁਰਵਰਤੋਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਸ਼ਾਂਤੀ ਅਤੇ ਜਨਤਕ ਵਿਵਸਥਾ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ।
26 ਸਤੰਬਰ ਨੂੰ ਪੁਲੀਸ ਅਤੇ ਲਗਭਗ 2,000 ਲੋਕਾਂ ਵਿਚਕਾਰ ਤਣਾਅ ਵਾਲਾ ਮਾਹੌਲ ਬਣ ਗਿਆ ਸੀ, ਜੋ ਜੁੰਮੇ ਦੀ ਨਮਾਜ਼ ਤੋਂ ਬਾਅਦ ਕੋਤਵਾਲੀ ਖੇਤਰ ਵਿੱਚ ਇੱਕ ਮਸਜਿਦ ਦੇ ਬਾਹਰ ਇਕੱਠੇ ਹੋਏ ਸਨ।
ਇਹ ਹਿੰਸਾ ਮੌਲਵੀ ਤੌਕੀਰ ਖਾਨ ਵੱਲੋਂ ‘ਆਈ ਲਵ ਮੁਹੰਮਦ’ ਪੋਸਟਰ ਵਿਵਾਦ ਨੂੰ ਲੈ ਕੇ ਦਿੱਤੇ ਗਏ ਵਿਰੋਧ ਪ੍ਰਦਰਸ਼ਨ ਦੇ ਸੱਦੇ ਨੂੰ ਰੱਦ ਕਰਨ ਤੋਂ ਬਾਅਦ ਸ਼ੁਰੂ ਹੋਈ ਸੀ।
Advertisement