‘ਆਈ ਲਵ ਮੁਹੰਮਦ’ ਵਿਵਾਦ: ਬਰੇਲੀ ਮਸਜਿਦ ’ਚ ਨਮਾਜ਼ ਤੋਂ ਬਾਅਦ ਪੁਲੀਸ ਤੇ ਲੋਕਾਂ ’ਚ ਝੜਪ
ਪੁਲੀਸ ਨੇ ਕਿਹਾ ਕਿ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ‘ਆਈ ਲਵ ਮੁਹੰਮਦ’ ਦੇ ਪੋਸਟਰ ਫੜੀ ਭੀੜ ਮੌਲਵੀ ਦੇ ਘਰ ਅੱਗੇ ਅਤੇ ਮਸਜਿਦ ਨੇੜੇ ਇਕੱਠੀ ਹੋਈ, ਦੋਵੇਂ ਕੋਤਵਾਲੀ ਖੇਤਰ ਵਿੱਚ ਅਤੇ ਇੱਕ-ਦੂਜੇ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਸਨ, ਲੋਕਾਂ ਨੇ ਪ੍ਰਦਰਸ਼ਨ ਨੂੰ ਮੁਅੱਤਲ ਕਰਨ ’ਤੇ ਰੋਸ ਜ਼ਾਹਰ ਕੀਤਾ।
ਸੂਤਰਾਂ ਨੇ ਕਿਹਾ ਕਿ ਤੌਕੀਰ ਰਜ਼ਾ ਨੇ ਆਖਰੀ ਮਿੰਟ ਪ੍ਰਦਰਸ਼ਨ ਨੂੰ ਰੱਦ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਅਧਿਕਾਰੀਆਂ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।
ਮੌਲਵੀ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਪ੍ਰਦਰਸ਼ਨ ‘ਕਿਸੇ ਵੀ ਕੀਮਤ ’ਤੇ’ ਹੋਵੇਗਾ।
ਪੁਲੀਸ ਨੇ ਮਸਜਿਦ ਦੇ ਬਾਹਰ ਇਕੱਠੀ ਹੋਈ ਭੀੜ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਪਰ ਰੋਹ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਪੁਲੀਸ ਨੂੰ ਤਾਕਤ ਦੀ ਵਰਤੋਂ ਕਰਨੀ ਪਈ।
ਸੋਸ਼ਲ ਮੀਡੀਆ ਅਤੇ ਟੈਲੀਵਿਜ਼ਨ ਨਿਊਜ਼ ਚੈਨਲਾਂ ’ਤੇ ਦਿਖਾਈਆਂ ਗਈਆਂ ਤਸਵੀਰਾਂ ਵਿੱਚ ਸਥਾਨਕ ਲੋਕਾਂ ਨੂੰ ਪੁਲੀਸ ਨਾਲ ਝੜਪ ਕਰਦੇ ਦਿਖਾਇਆ ਗਿਆ। ਪੁਲੀਸ ਨੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਲਾਠੀਚਾਰਜ ਕੀਤਾ।
ਡੀਆਈਜੀ ਅਜੈ ਕੁਮਾਰ ਸਾਹਨੀ, ਐੱਸਐੱਸਪੀ ਅਨੁਰਾਗ ਆਰੀਆ ਅਤੇ ਡੀਐੱਮ ਅਵਿਨਾਸ਼ ਸਿੰਘ ਸਣੇ ਸੀਨੀਅਰ ਅਧਿਕਾਰੀ ਕੋਤਵਾਲੀ ਖੇਤਰ ਵਿੱਚ ਪਹੁੰਚੇ ਤਾਂ ਜੋ ਸਥਿਤੀ ਨੂੰ ਕਾਬੂ ਕੀਤਾ ਜਾ ਸਕੇ।
ਡੀਐੱਮ ਅਵਿਨਾਸ਼ ਸਿੰਘ ਨੇ ਦੱਸਿਆ, ‘‘ਸਥਿਤੀ ਹੁਣ ਕਾਬੂ ਹੇਠ ਹੈ। ਕੋਈ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਹੈ। ਅਸੀਂ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਾਂ।’’
ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਥਾਵਾਂ ’ਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਹੈ।
ਇਹ ਵਿਵਾਦ 9 ਸਤੰਬਰ ਤੋਂ ਭਖ਼ਿਆ ਹੋਇਆ ਹੈ, ਜਦੋਂ ਪੁਲੀਸ ਨੇ 4 ਸਤੰਬਰ ਨੂੰ ਇੱਕ ਬਰਾਵਤ ਜਲੂਸ ਦੌਰਾਨ ਕਾਨਪੁਰ ਵਿੱਚ ਇੱਕ ਜਨਤਕ ਸੜਕ ’ਤੇ ‘ਆਈ ਲਵ ਮੁਹੰਮਦ’ ਲਿਖੇ ਬੋਰਡ ਲਗਾਉਣ ਦੇ ਦੋਸ਼ ਹੇਠ ਨੌਂ ਨਾਮਜ਼ਦ ਅਤੇ 15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ।
ਇਸ ਕਦਮ ’ਤੇ ਹਿੰਦੂ ਸੰਗਠਨਾਂ ਨੇ ਇਤਰਾਜ਼ ਪ੍ਰਗਟ ਕੀਤਾ, ਜਿਨ੍ਹਾਂ ਨੇ ਇਸ ਨੂੰ ‘ਨਵਾਂ ਰੁਝਾਨ’ ਕਰਾਰ ਦਿੱਤਾ ਅਤੇ ਦੋਸ਼ ਲਗਾਇਆ ਕਿ ਇਹ ਜਾਣ-ਬੁੱਝ ਕੇ ਭੜਕਾਇਆ ਗਿਆ ਸੀ।
AIMIM ਮੁਖੀ ਅਸਦੁਦੀਨ ਓਵਾਇਸੀ ਦੇ ਇਸ ਦਾਅਵੇ ਤੋਂ ਬਾਅਦ ਇਸ ਵਿਵਾਦ ਨੇ ਵਿਆਪਕ ਧਿਆਨ ਖਿੱਚਿਆ ਕਿ ‘ਆਈ ਲਵ ਮੁਹੰਮਦ’ ਕਹਿਣਾ ਕੋਈ ਅਪਰਾਧ ਨਹੀਂ ਹੈ।
ਇਹ ਵਿਵਾਦ ਜਲਦੀ ਹੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਬਰੇਲੀ ਵੀ ਸ਼ਾਮਲ ਹੈ, ਅਤੇ ਉੱਤਰਾਖੰਡ ਅਤੇ ਕਰਨਾਟਕ ਵਰਗੇ ਸੂਬਿਆਂ ਵਿੱਚ ਫੈਲ ਗਿਆ, ਵਿਰੋਧ ਪ੍ਰਦਰਸ਼ਨ ਅਤੇ ਪੁਲੀਸ ਕਾਰਵਾਈਆਂ ਸ਼ੁਰੂ ਹੋ ਗਈਆਂ।