ਮੈਂ ਭਾਰਤ ਤੇ ਪਾਕਿ ਵਿਚਾਲੇ ਸੰਘਰਸ਼ ਰੋਕਣ ’ਚ ਮਦਦ ਕੀਤੀ: ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਦਾਅਵਾ ਕੀਤਾ ਹੈ ਕਿ ਉਨ੍ਹਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਚਾਰ ਦਿਨ ਤੱਕ ਚੱਲੇ ਫੌਜੀ ਸੰਘਰਸ਼ ਮਗਰੋਂ ਸਥਿਤੀ ਸੰਭਾਲ ਲਈ ਸੀ, ਜੋ ‘ਪਰਮਾਣੂ ਜੰਗ’ ਵਿੱਚ ਬਦਲ ਸਕਦਾ ਸੀ। ਟਰੰਪ ਨੇ ਵ੍ਹਾਈਟ ਹਾਊਸ ’ਚ ਬੀਤੇ ਦਿਨ ਇਹ ਵੀ ਦਾਅਵਾ ਕੀਤਾ ਕਿ ਇਸ ਸੰਘਰਸ਼ ਦੌਰਾਨ ਪੰਜ ਜਾਂ ਛੇ ਜਹਾਜ਼ ‘ਹੇਠਾਂ ਸੁੱਟੇ ਗਏ’ ਸਨ। ਉਨ੍ਹਾਂ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਜਹਾਜ਼ ਕਿਸ ਦੇਸ਼ ਸਨ। ਭਾਰਤ ਇਹ ਕਹਿੰਦਾ ਰਿਹਾ ਹੈ ਕਿ ਦੋਵਾਂ ਦੇਸ਼ਾਂ (ਭਾਰਤ-ਪਾਕਿਸਤਾਨ) ਨੇ ਫੌਜੀ ਕਾਰਵਾਈ ਆਪਸੀ ਗੱਲਬਾਤ ਰਾਹੀਂ ਰੋਕੀ ਸੀ ਅਤੇ ਇਸ ’ਚ ਅਮਰੀਕਾ ਦੀ ਕੋਈ ਵੀ ਸਾਲਸੀ ਨਹੀਂ ਸੀ। ਟਰੰਪ ਨੇ ਇਹ ਬਿਆਨ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਅਤੇ ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ਿਨਯਾਨ ਦੀ ਹਾਜ਼ਰੀ ’ਚ ਦਿੱਤਾ। ਇਹ ਤਿੰਨੇ ਆਗੂ ਇੱਕ ਤਿੰਨ-ਪੱਖੀ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਲਈ ਇਕੱਠੇ ਹੋਏ ਸਨ। ਟਰੰਪ ਨੇ ਕਿਹਾ, ‘ਰਾਸ਼ਟਰਪਤੀ ਵਜੋਂ ਮੇਰੀ ਸਭ ਤੋਂ ਵੱਡੀ ਖਾਹਿਸ਼ ਦੁਨੀਆ ’ਚ ਸ਼ਾਂਤੀ ਤੇ ਸਥਿਰਤਾ ਲਿਆਉਣਾ ਹੈ। ਅੱਜ ਦਾ ਇਹ ਸਮਝੌਤਾ ਭਾਰਤ ਤੇ ਪਾਕਿਸਤਾਨ ਨਾਲ ਸਾਡੀ ਕਾਮਯਾਬੀ ਤੋਂ ਬਾਅਦ ਹੋਇਆ ਹੈ।’ ਉਨ੍ਹਾਂ ਕਿਹਾ, ‘ਉਹ ਇੱਕ-ਦੂਜੇ ਖ਼ਿਲਾਫ਼ ਪੂਰੀ ਤਾਕਤ ਨਾਲ ਲੜ ਰਹੇ ਸਨ, ਹਾਲਾਤ ਕਾਫੀ ਗੰਭੀਰ ਹੋ ਗਏ ਸਨ। ਪਰ ਜਿਵੇਂ ਕਿ ਤੁਸੀਂ ਜਾਣਦੇ ਹੋ, ਵੱਡਾ ਟਕਰਾਅ ਪਰਮਾਣੂ ਜੰਗ ’ਚ ਬਦਲ ਸਕਦਾ ਸੀ, ਪਰ ਠੀਕ ਪਹਿਲਾਂ ਦੋਵੇਂ ਮਹਾਨ ਆਗੂ ਇਕੱਠੇ ਆਏ ਤੇ ਹਾਲਾਤ ਸੰਭਾਲੇ।’ ਟਰੰਪ ਨੇ ਕਿਹਾ, ‘ਮੈਂ ਭਾਰਤ ਤੇ ਪਾਕਿਸਤਾਨ ਵਿਚਾਲੇ ਮਾਮਲਾ ਸੁਲਝਾਇਆ। ਮੈਨੂੰ ਲਗਦਾ ਹੈ ਕਿ ਇਸ ਦਾ ਵੱਡਾ ਕਾਰਨ ਵਪਾਰ ਸੀ, ਬਾਕੀ ਕੋਈ ਵਜ੍ਹਾ ਨਹੀਂ ਸੀ।’ -ਪੀਟੀਆਈ
ਪਾਕਿਸਤਾਨੀ ਰੱਖਿਆ ਮੰਤਰੀ ਨੇ ਭਾਰਤ ਦਾ ਦਾਅਵਾ ਨਕਾਰਿਆ
ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਦਾਅਵਾ ਕੀਤਾ ਹੈ ਕਿ ਹਾਲੀਆ ਟਕਰਾਅ ਦੌਰਾਨ ਭਾਰਤੀ ਫੌਜ ਉਨ੍ਹਾਂ ਦੇ ਕਿਸੇ ਵੀ ਫੌਜੀ ਜਹਾਜ਼ ਨੂੰ ਤਬਾਹ ਨਹੀਂ ਕਰ ਸਕੀ ਸੀ। ਭਾਰਤੀ ਹਵਾਈ ਸੈਨਾ ਦੇ ਮੁਖੀ ਅਮਰ ਪ੍ਰੀਤ ਸਿੰਘ ਵੱਲੋਂ ਪਾਕਿਸਤਾਨ ਦੇ ਪੰਜ ਜੈੱਟ ਅਤੇ ਇਕ ਜਹਾਜ਼ ਫੁੰਡਣ ਦੇ ਦਾਅਵੇ ਨੂੰ ਖਵਾਜਾ ਆਸਿਫ਼ ਨੇ ਨਕਾਰ ਦਿੱਤਾ।
ਉਨ੍ਹਾਂ ਸੋਸ਼ਲ ਮੀਡੀਆ ਪੋਸਟ ’ਤੇ ਕਿਹਾ, ‘‘ਤਿੰਨ ਮਹੀਨਿਆਂ ਤੱਕ ਅਜਿਹਾ ਕੋਈ ਦਾਅਵਾ ਨਹੀਂ ਕੀਤਾ ਗਿਆ ਜਦਕਿ ਪਾਕਿਸਤਾਨ ਨੇ ਟਕਰਾਅ ਦੇ ਤੁਰੰਤ ਬਾਅਦ ਕੌਮਾਂਤਰੀ ਮੀਡੀਆ ਅੱਗੇ ਸਾਰੇ ਤੱਥ ਸਾਂਝੇ ਕਰ ਦਿੱਤੇ ਸਨ।’’ ਪਾਕਿਸਤਾਨੀ ਆਗੂ ਨੇ ਭਾਰਤੀ ਹਵਾਈ ਸੈਨਾ ਮੁਖੀ ਵੱਲੋਂ ਦਿੱਤੇ ਗਏ ਬਿਆਨ ਦੇ ਸਮੇਂ ’ਤੇ ਵੀ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ ’ਤੇ ਭਾਰਤੀ ਫੌਜ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਆਸਿਫ਼ ਨੇ ਕਿਹਾ ਜੇ ਸਚਾਈ ’ਤੇ ਕੋਈ ਸ਼ੱਕ ਹੈ ਤਾਂ ਦੋਵੇਂ ਮੁਲਕਾਂ ਨੂੰ ਆਪਣੇ ਜਹਾਜ਼ਾਂ ਦੇ ਟਿਕਾਣਿਆਂ ਨੂੰ ਨਿਰਪੱਖ ਜਾਂਚ ਲਈ ਖੋਲ੍ਹ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰ ਇਸ ’ਚ ਸ਼ੱਕ ਹੈ ਕਿ ਇਸ ਨਾਲ ਉਹ ਸਚਾਈ ਉਜਾਗਰ ਹੋ ਜਾਵੇਗੀ ਜਿਸ ਨੂੰ ਭਾਰਤ ਛੁਪਾਉਣਾ ਚਾਹੁੰਦਾ ਹੈ। -ਪੀਟੀਆਈ
ਕਿਸ ਦੇ ਦਬਾਅ ਹੇਠ ‘ਅਪਰੇਸ਼ਨ ਸਿੰਧੂਰ’ ਰੋਕਿਆ ਗਿਆ ਸੀ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਹਵਾਈ ਸੈਨਾ ਮੁਖੀ ਵੱਲੋਂ ਪਾਕਿਸਤਾਨ ਦੇ ਪੰਜ ਲੜਾਕੂ ਜੈੱਟ ਫੁੰਡਣ ਦੇ ਖ਼ੁਲਾਸੇ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਹੈ ਕਿ ‘ਅਪਰੇਸ਼ਨ ਸਿੰਧੂਰ’ 10 ਮਈ ਨੂੰ ਕਿਸ ਦੇ ਦਬਾਅ ਹੇਠ ਅਚਾਨਕ ਕਿਉਂ ਰੋਕਿਆ ਗਿਆ ਸੀ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ, ‘‘ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ ਵੱਲੋਂ ਅੱਜ ਕੀਤੇ ਗਏ ਨਵੇਂ ਖ਼ੁਲਾਸੇ ਮਗਰੋਂ ਇਹ ਹੋਰ ਵੀ ਹੈਰਾਨ ਕਰਨ ਵਾਲੀ ਗੱਲ ਹੋ ਜਾਂਦੀ ਹੈ ਕਿ ਪ੍ਰਧਾਨ ਮੰਤਰੀ ਨੇ 10 ਮਈ ਦੀ ਸ਼ਾਮ ਨੂੰ ਅਚਾਨਕ ਅਪਰੇਸ਼ਨ ਸਿੰਧੂਰ ਕਿਉਂ ਰੋਕ ਦਿੱਤਾ ਸੀ।’’ ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ’ਤੇ ਦਬਾਅ ਕਿਥੋਂ ਪਿਆ ਅਤੇ ਉਨ੍ਹਾਂ ਨੂੰ ਇੰਨੀ ਛੇਤੀ ਕਿਉਂ ਝੁਕਣਾ ਪਿਆ ਸੀ। -ਪੀਟੀਆਈ