ਦੰਗਿਆਂ ਨਾਲ ਮੇਰਾ ਕੋਈ ਸਬੰਧ ਨਹੀਂ: ਉਮਰ ਖ਼ਾਲਿਦ
ਦਿੱਲੀ ਵਿੱਚ ਫਰਵਰੀ 2020 ’ਚ ਹੋਏ ਦੰਗਿਆਂ ਨਾਲ ਜੁੜੇ ਯੂ ਏ ਪੀ ਏ ਮਾਮਲੇ ਵਿੱਚ ਜ਼ਮਾਨਤ ਦੀ ਅਪੀਲ ਕਰਦੇ ਹੋਏ ਕਾਰਕੁਨ ਉਮਰ ਖ਼ਾਲਿਦ ਨੇ ਅੱਜ ਸੁਪਰੀਮ ਕੋਰਟ ਨੂੰ ਕਿਹਾ ਕਿ ਹਿੰਸਾ ਨਾਲ ਉਸ ਦੇ ਸਬੰਧ ਦਾ ਕੋਈ ਸਬੂਤ ਨਹੀਂ ਹੈ ਅਤੇ ਉਸ ਖ਼ਿਲਾਫ਼ ਲਗਾਏ ਗਏ ਸਾਜ਼ਿਸ਼ ਰਚਣ ਦੇ ਦੋਸ਼ ਗ਼ਲਤ ਹਨ।
ਉਮਰ ਖ਼ਾਲਿਦ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐੱਨ ਵੀ ਅੰਜਾਰੀਆਂ ਦੇ ਬੈਂਚ ਨੂੰ ਦੱਸਿਆ ਕਿ 2020 ਦੇ ਦਿੱਲੀ ਦੰਗਿਆਂ ਨਾਲ ਉਸ ਨੂੰ ਜੋੜਨ ਵਾਲੇ ਧਨ, ਹਥਿਆਰ ਜਾਂ ਕਿਸੇ ਵੀ ਭੌਤਿਕ ਸਬੂਤ ਦੀ ਕੋਈ ਬਰਾਮਦਗੀ ਨਹੀਂ ਹੋਈ ਹੈ। ਉਨ੍ਹਾਂ ਕਿਹਾ, ‘‘751 ਐੱਫ ਆਈ ਆਰਜ਼ ਹਨ, ਇਕ ਵਿੱਚ ਮੇਰੇ (ਖ਼ਾਲਿਦ) ’ਤੇ ਦੋਸ਼ ਲਗਾਇਆ ਗਿਆ ਹੈ ਅਤੇ ਜੇਕਰ ਇਹ ਸਾਜ਼ਿਸ਼ ਹੈ ਤਾਂ ਇਹ ਥੋੜਾ ਹੈਰਾਨੀਜਨਕ ਹੈ। ਜੇਕਰ ਮੈਂ (ਉਮਰ ਖ਼ਾਲਿਦ) ਦੰਗਿਆਂ ਦੀ ਸਾਜ਼ਿਸ ਰਚੀ ਸੀ ਤਾਂ ਜਿਨ੍ਹਾਂ ਤਰੀਕਾਂ ਨੂੰ ਦੰਗੇ ਹੋਏ, ਮੈਂ ਦਿੱਲੀ ਵਿੱਚ ਨਹੀਂ ਸੀ। ਮੈਨੂੰ ਹਿੰਸਾ ਨਾਲ ਜੋੜਨ ਵਾਲਾ ਕੋਈ ਧਨ, ਹਥਿਆਰ ਅਤੇ ਭੌਤਿਕ ਸਬੂਤ ਅਜੇ ਤੱਕ ਨਹੀਂ ਮਿਲਿਆ ਹੈ।’’ ਉਨ੍ਹਾਂ ਕਿਹਾ ਕਿ ਕਿਸੇ ਵੀ ਗਵਾਹ ਦਾ ਬਿਆਨ ਅਸਲ ਵਿੱਚ ਪਟੀਸ਼ਨ ਨੂੰ ਕਿਸੇ ਵੀ ਹਿੰਸਾਤਮਕ ਕਾਰੇ ਨਾਲ ਨਹੀਂ ਜੋੜਦਾ। ਸ੍ਰੀ ਸਿੱਬਲ ਨੇ ਦਲੀਲ ਦਿੱਤੀ ਕਿ ਖ਼ਾਲਿਦ ਬਰਾਬਰੀ ਦੇ ਆਧਾਰ ’ਤੇ ਜ਼ਮਾਨਤ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਉਸ ਦੇ ਸਾਥੀ ਕਾਰਕੁਨਾਂ ਨਤਾਸ਼ਾ ਨਰਵਾਲ, ਦੇਵਾਂਗਨਾ ਕਲਿਤਾ ਅਤੇ ਆਸਿਫ਼ ਇਕਬਾਲ ਤਨਹਾ ਨੂੰ ਜੂਨ 2021 ਵਿੱਚ ਜ਼ਮਾਨਤ ਮਿਲ ਗਈ ਸੀ। ਦਿੱਲੀ ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ 17 ਫਰਵਰੀ 2020 ਨੂੰ ਅਮਰਾਵਤੀ ਵਿੱਚ ਉਮਰ ਖ਼ਾਲਿਦ ਦੇ ਭਾਸ਼ਣ ਨੂੰ ਭੜਕਾਊ ਕਰਾਰ ਦਿੱਤਾ ਸੀ। ਸ੍ਰੀ ਸਿੱਬਲ ਨੇ ਕਿਹਾ, ‘‘ਇਹ ਯੂਟਿਊਬ ’ਤੇ ਪਿਆ ਹੈ। ਇਹ ਜਨਤਕ ਭਾਸ਼ਣ ਸੀ, ਜਿਸ ਵਿੱਚ ਮੈਂ (ਖ਼ਾਲਿਦ ਨੇ) ਗਾਂਧੀਵਾਦੀ ਸਿਧਾਂਤਾਂ ਬਾਰੇ ਗੱਲ ਕੀਤੀ ਸੀ।’’
