‘ਲਾਪਤਾ ਲੇਡੀਜ਼’ ਬਾਰੇ ਤਾਂ ਸੁਣਿਆ ਸੀ ਲਾਪਤਾ ਉਪ ਰਾਸ਼ਟਰਪਤੀ ਬਾਰੇ ਨਹੀਂ: ਸਿੱਬਲ
ਸਾਬਕਾ ਕਾਨੂੰਨ ਮੰਤਰੀ ਤੇ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਥਹੁ-ਪਤੇ ਬਾਰੇ ਸਵਾਲ ਚੁੱਕਦਿਆਂ ਸ਼ਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ‘ਲਾਪਤਾ ਲੇਡੀਜ਼’ ਫ਼ਿਲਮ ਬਾਰੇ ਤਾਂ ਸੁਣਿਆ ਸੀ ਪਰ ‘ਲਾਪਤਾ ਉਪ ਰਾਸ਼ਟਰਪਤੀ’ ਬਾਰੇ ਕਦੇ ਨਹੀਂ ਸੁਣਿਆ।
ਸਿੱਬਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਧਨਖੜ ਦੀ ਸਿਹਤ ਅਤੇ ਤੰਦਰੁਸਤੀ ਸਬੰਧੀ ਚਿੰਤਾਵਾਂ ਨੂੰ ਦੂਰ ਕਰਨ ਲਈ ਉਨ੍ਹਾਂ ਦੇ ਟਿਕਾਣੇ ਬਾਰੇ ਬਿਆਨ ਦੇਣ ਦੀ ਅਪੀਲ ਕੀਤੀ। ਜਗਦੀਪ ਧਨਗੜ ਨੇ ਹੈਰਾਨੀਜਨਕ ਕਦਮ ਚੁੱਕਦਿਆਂ ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ 21 ਜੁਲਾਈ ਨੂੰ ਸਿਹਤ ਸਬੰਧੀ ਕਾਰਨਾਂ ਦਾ ਹਵਾਲਾ ਦਿੰਦਿਆਂ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ, ਵਿਰੋਧੀ ਧਿਰ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ ਹੈ।
ਸਿੱਬਲ ਨੇ ਕਿਹਾ, ‘‘22 ਜੁਲਾਈ ਨੂੰ ਸਾਡੇ ਉਪ ਰਾਸ਼ਟਰਪਤੀ (ਜਗਦੀਪ ਧਨਖੜ) ਨੇ ਅਸਤੀਫ਼ਾ ਦੇ ਦਿੱਤਾ ਅਤੇ ਅੱਜ 9 ਅਗਸਤ ਹੋ ਗਈ ਹੈ। ਉਦੋਂ ਤੋਂ ਲੈ ਕੇ ਅੱਜ ਤੱਕ ਸਾਨੂੰ ਨਹੀਂ ਪਤਾ ਕਿ ਉਹ ਕਿੱਥੇ ਹਨ। ਉਹ ਆਪਣੀ ਅਧਿਕਾਰਿਤ ਰਿਹਾਇਸ਼ ’ਤੇ ਨਹੀਂ ਹਨ।’’
ਉਨ੍ਹਾਂ ਕਿਹਾ, ‘‘ਪਹਿਲੇ ਦਿਨ ਮੈਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਨ੍ਹਾਂ ਦੇ ਨਿੱਜੀ ਸਕੱਤਰ ਨੇ ਫੋਨ ਚੁੱਕਿਆ ਅਤੇ ਕਿਹਾ ਕਿ ਉਹ ਆਰਾਮ ਕਰ ਰਹੇ ਹਨ।’’ ਆਜ਼ਾਦ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੇ ਕਈ ਸਿਆਸੀ ਸਹਿਯੋਗੀਆਂ ਦਾ ਵੀ ਉਨ੍ਹਾਂ ਤੱਕ ਸੰਪਰਕ ਨਹੀਂ ਹੋ ਸਕਿਆ।
ਉਨ੍ਹਾਂ ‘ਆਸਕਰ’ ਲਈ ਭੇਜੀ ਕਿਰਨ ਰਾਓ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ਦਾ ਹਵਾਲਾ ਦਿੰਦਿਆਂ ਕਿਹਾ, ‘‘ਇਸ ਲਈ, ਮੈਂ ‘ਲਾਪਤਾ ਲੇਡੀਜ਼’ ਬਾਰੇ ਤਾਂ ਸੁਣਿਆ ਸੀ ਪਰ ‘ਲਾਪਤਾ ਉਪ ਰਾਸ਼ਟਰਪਤੀ’ ਬਾਰੇ ਕਦੇ ਵੀ ਨਹੀਂ ਸੁਣਿਆ।’’
ਉਨ੍ਹਾਂ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਧਨਖੜ ਉਪ ਰਾਸ਼ਟਰਪਤੀ ਸਨ ਅਤੇ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸਰਕਾਰ ਦਾ ਸਮਰਥਨ ਕੀਤਾ, ਪਰ ਹੁਣ ਜਾਪਦਾ ਹੈ ਕਿ ਵਿਰੋਧੀ ਧਿਰ ਨੂੰ ਉਨ੍ਹਾਂ ਦਾ ਬਚਾਅ ਕਰਨਾ ਪਵੇਗਾ।
ਉਨ੍ਹਾਂ ਕਿਹਾ, ‘‘ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਸਾਨੂੰ ਹੈਬੀਅਸ ਕਾਰਪਸ ਪਾਉਣੀ ਚਾਹੀਦੀ ਹੈ?’’
ਸਿੱਬਲ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੂੰ ਉਨ੍ਹਾਂ ਦੇ ਟਿਕਾਣੇ ਬਾਰੇ ਪਤਾ ਹੋਵੇਗਾ ਅਤੇ ਅਮਿਤ ਸ਼ਾਹ ਨੂੰ ਇਸ ਬਾਰੇ ਬਿਆਨ ਦੇਣਾ ਚਾਹੀਦਾ ਹੈ ਕਿ ਉਹ ਕਿੱਥੇ ਹਨ ਕਿਉਂਕਿ ਉਨ੍ਹਾਂ ਦੀ ਸਿਹਤ ਵੀ ਠੀਕ ਨਹੀਂ ਹੈ।
ਉਨ੍ਹਾਂ ਕਿਹਾ, ‘‘ਤਾਂ, ਕੀ ਉਹ ਕਿਤੇ ਇਲਾਜ ਕਰਵਾ ਰਹੇ ਹਨ? ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਕੁਝ ਨਹੀਂ ਕਹਿ ਰਹੇ। ਮਾਮਲਾ ਕੀ ਹੈ? ਅਸੀਂ ਅਜਿਹੀਆਂ ਗੱਲਾਂ ਸਿਰਫ਼ ਦੂਜੇ ਦੇਸ਼ਾਂ ਵਿੱਚ ਹੀ ਸੁਣੀਆਂ ਸਨ ਪਰ ਭਾਰਤ ਜਮਹੂਰੀ ਹੈ, ਇਸ ਲਈ ਅਜਿਹੀਆਂ ਗੱਲਾਂ ਜਨਤਕ ਹੋਣੀਆਂ ਚਾਹੀਦੀਆਂ ਹਨ।’’