ਭਾਰਤ ਦੇ ਚੀਫ਼ ਜਸਟਿਸ ਬੀ ਆਰ ਗਵਈ ਨੇ ਅੱਜ ਕਿਹਾ ਕਿ ਉਹ ਤੇ ਜਸਟਿਸ ਕੇ ਵਿਨੋਦ ਚੰਦਰ ਉਸ ਸਮੇਂ ਹੈਰਾਨ ਰਹਿ ਗਏ ਸੀ ਜਦੋਂ 6 ਅਕਤੂਬਰ ਨੂੰ ਇਕ ਵਕੀਲ ਨੇ ਉਨ੍ਹਾਂ ਵੱਲ ਜੁੱਤਾ ਸੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਇਹ ਮੁੱਦਾ ਇਕ ਵਿਸਰ ਚੁੱਕਿਆ ਅਧਿਆਏ ਹੈ। ਦੂਜੇ ਪਾਸੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸ ਸੀ ਬੀ ਏ) ਨੇ ਅੱਜ ਵਕੀਲ ਰਾਕੇਸ਼ ਕਿਸ਼ੋਰ ਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਤੋਂ ਖ਼ਤਮ ਕਰ ਦਿੱਤੀ ਹੈ। ਐੱਸ ਸੀ ਬੀ ਏ ਨੇ ਵਕੀਲ ਨੂੰ ‘ਗੰਭੀਰ ਦੁਰਵਿਹਾਰ’ ਦਾ ਦੋਸ਼ੀ ਪਾਉਣ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ।ਚੀਫ਼ ਜਸਟਿਸ ਨੇ ਵਣਸ਼ਕਤੀ ਮਾਮਲੇ ਵਿੱਚ ਫੈਸਲੇ ਦੀ ਸਮੀਖਿਆ ਅਤੇ ਸੋਧ ਦੀ ਅਪੀਲ ਕਰਨ ਸਬੰਧੀ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਕਿਹਾ, ‘‘ਸੋਮਵਾਰ ਨੂੰ ਜੋ ਕੁਝ ਹੋਇਆ ਉਸ ਨਾਲ ਮੈਂ ਤੇ ਮੇਰੇ ਵਿਦਵਾਨ ਸਾਥੀ ਜਸਟਿਸ ਚੰਦਰਨ ਕਾਫੀ ਹੈਰਾਨ ਹਨ, ਸਾਡੇ ਲਈ ਇਹ ਇਕ ਵਿਸਰ ਚੁੱਕਿਆ ਅਧਿਆਏ ਹੈ।’’ ਬੈਂਚ ਵਿੱਚ ਸ਼ਾਮਲ ਜਸਟਿਸ ਉੱਜਵਲ ਭੂਈਆਂ ਨੇ ਦੋਸ਼ੀ ਵਕੀਲ ਖ਼ਿਲਾਫ਼ ਕੀਤੀ ਗਈ ਕਾਰਵਾਈ ਨਾਲ ਅਸਹਿਮਤੀ ਜਤਾਈ ਅਤੇ ਕਿਹਾ, ‘‘ਇਸ ਬਾਰੇ ਮੇਰੇ ਆਪਣੇ ਵਿਚਾਰ ਹਨ, ਉਹ ਚੀਫ਼ ਜਸਟਿਸ ਹਨ, ਇਹ ਮਜ਼ਾਕ ਦੀ ਗੱਲ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਇਹ ਘਟਨਾ ਸੁਪਰੀਮ ਕੋਰਟ ਦਾ ਅਪਮਾਨ ਹੈ ਅਤੇ ਇਸ ਸਬੰਧੀ ਢੁਕਵੀਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਕਾਰੇ ਨੂੰ ਨਾਮੁਆਫੀਯੋਗ ਦੱਸਿਆ।
ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪੋਸਟ ਕੀਤੇ ਗਏ ਵੀਡੀਓ ’ਤੇ ਟਿੱਪਣੀ ਕੀਤੀ ਅਤੇ ਦੋਸ਼ ਲਗਾਇਆ ਕਿ ਇਹ ਇਕ ਗਿਣੀ-ਮਿੱਥੀ ਸਾਜ਼ਿਸ਼ ਲੱਗਦੀ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਦਲਿਤ ਵਰਗ ਨੂੰ ਡਰਾਉਣ ਅਤੇ ਨਿਆਂਪਾਲਿਕਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ ਅਤੇ ਲੋਕਾਂ ਨੂੰ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਅੰਬੇਡਕਰਵਾਦੀ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ
ਠਾਣੇ: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਕਈ ਅੰਬੇਡਕਰਵਾਦੀ ਜਥੇਬੰਦੀਆਂ ਨੇ ਸੁਪਰੀਮ ਕੋਰਟ ਵਿੱਚ ਚੀਫ਼ ਜਸਟਿਸ ਬੀ ਆਰ ਗਵਈ ’ਤੇ ਜੁੱਤਾ ਸੁੱਟਣ ਦੀ ਕੋਸ਼ਿਸ਼ ਕਰਨ ਦੀ ਘਟਨਾ ਨੂੰ ਨਿਆਂਪਾਲਿਕਾ ਦਾ ਅਪਮਾਨ ਤੇ ਸੰਵਿਧਾਨਕ ਕਦਰਾਂ-ਕੀਮਤਾਂ ’ਤੇ ਹਮਲਾ ਕਰਾਰ ਦਿੰਦੇ ਹੋਏ ਅੱਜ ਇਸ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਨਾਨਾਸਾਹੇਬ ਇੰਦੀਸੇ ਦੀ ਅਗਵਾਈ ਵਿੱਚ ਜਥੇਬੰਦੀਆਂ ਦੇ ਮੈਂਬਰਾਂ ਨੇ ਇੱਥੇ ਕੋਰਟ ਨਾਕਾ ਸਥਿਤ ਡਾ. ਬੀ ਆਰ ਅੰਬੇਡਕਰ ਦੇ ਬੁੱਤ ਨੇੜੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਵਕੀਲ ਖ਼ਿਲਾਫ਼ ਕਾਰਵਾਈ ਦੀ ਮੰਗ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। -ਪੀਟੀਆਈ